9 Views
ਕਿਹਾ, ਇਕ ਚੌਂਕ ਤੋਂ ਵਾਰਦਾਤ ਕਰਕੇ ਭੱਜੋਗੇ ਤਾਂ ਦੂਜੇ ਚੌਂਕ ਤੱਕ ਪੁੱਜੋਗੇਂ ਜਾਂ ਨਹੀਂ, ਇਹ ਪਰਮਾਤਮਾ ਦੇ ਹੱਥ ਹੋਵੇਗਾ
ਹੁਸ਼ਿਆਰਪੁਰ, 14 ਦਸੰਬਰ: ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿੱਚ ਪੁਲਿਸ ਦੇ ਗੈਂਗਸਟਰਾਂ ਨਾਲ ਵਧ ਰਹੇ ਮੁਕਾਬਲਿਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜਿਹੇ ਅਨਸਰਾਂ ਨਾਲ ਸਖ਼ਤੀ ਨਾਲ ਨਿਪਟਣ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਇੱਥੇ ਅਚਾਨਕ ਤਹਿਸੀਲ ਦਾ ਨਿਰੀਖਣ ਕਰਨ ਪੁੱਜੇ ਸ:ਮਾਨ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ “ਜੇ ਕੋਈ ਇਸ ਤਰ੍ਹਾਂ ਦੇ ਅਨਸਰ ਜਿਹੜੇ ਆਮ ਲੋਕਾਂ ਦਾ ਜਿਉਣਾ ਦੁੱਬਰ ਕਰਨਗੇ ਤਾਂ ਸਜ਼ਾ ਉਹਨਾਂ ਨੂੰ ਵੀ ਮਿਲੂਗੀ।”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਉਹ ਪੁਲਿਸ ‘ਤੇ ਗੋਲੀ ਚਲਾਉਣਗੇ ਤਾਂ ਆਪਣੀ ਰੱਖਿਆ ਲਈ ਪੁਲਿਸ ਵੀ ਗੋਲੀ ਚਲਾਉਗੀ। ਇਸ ਮੌਕੇ ਭਗਵੰਤ ਮਾਨ ਨੇ ਗੈਂਗਸਟਰਾਂ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ” ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਇੱਕ ਚੌਂਕ ਤੇ ਵਿਚੋਂ ਕੋਈ ਲੁੱਟ ਦੀ ਵਾਰਦਾਤ, ਸਨੈਚਿੰਗ ਜਾਂ ਕੋਈ ਇਹੋ ਜਿਹੀ ਵਾਰਦਾਤ ਕੀਤੀ ਤਾਂ ਇੱਕ ਚੌਂਕ ਤੋਂ ਦੂਜੇ ਚੌਂਕ ਵਿੱਚ ਪਹੁੰਚੋਗੇ ਜਾਂ ਨਹੀਂ ਪਹੁੰਚੋਗੇ, ਇਹ ਗਰੰਟੀ ਪਰਮਾਤਮਾ ਦੇ ਹੱਥ ਵਿਚ ਹੋਵੇਗੀ।
ਉਨ੍ਹਾਂ ਕਿਹਾ ਕਿ ਤੁਸੀਂ ਚੈਲੰਜ ਕਰ ਰਹੇ ਹੋ ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਫੋਨ ਕਰ ਲਓ, ਕਿਸੇ ਦੇ ਵੀ ਤੁਸੀਂ ਗੋਲੀ ਚਲਾ ਦੇਵੋ, ਕਿਸੇ ਦਾ ਤੁਸੀਂ ਮੋਬਾਇਲ ਖੋਹ ਕੇ ਲੈ ਜਾਓ ਤਾਂ ਫਿਰ ਅੱਗਿਓ ਜਿਹੜੀ ਕਾਰਵਾਈ ਹੋਊਗੀ ਉਹ ਕਾਨੂੰਨ ਮੁਤਾਬਿਕ ਕਾਰਵਾਈ ਹੋਊਗੀ ਤੇ ਜੇ ਅੱਗਿਓਂ ਉਹ ਕੁਝ ਹੋਰ ਚੈਲੇੰਜ ਕਰਨਗੇ ਤਾਂ ਉਸਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ।