ਬਠਿੰਡਾ, 21 ਫਰਵਰੀ-ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਸਮਾਗਮਾਂ ਦੀ ਲੜੀ ਅਧੀਨ ਆਡੀਟੋਰੀਅਮ ਸਰਕਾਰੀ ਕਾਲਜ ਰਜਿੰਦਰਾ ਵਿਖੇ ਆਯੋਜਿਤ ਸੂਫ਼ੀਆਨਾ ਗਾਇਕੀ ਸਮਾਗਮ ਵਿੱਚ ਸੂਫ਼ੀ ਗਾਇਕ ਰਾਜਾ ਰਣਜੋਧ ਨੇ ਆਪਣੇ ਫ਼ਨ ਦੇ ਰੰਗ ਬਿਖ਼ੇਰੇ ।ਇਸ ਸਮਾਗਮ ਮੌਕੇ ਵਿਧਾਇਕ ਬਠਿੰਡਾ ਸ਼ਹਿਰੀ ਜਗਰੂਪ ਸਿੰਘ ਗਿੱਲ, ਸਹਾਇਕ ਕਮਿਸ਼ਨਰ ਪੰਕਜ ਕੁਮਾਰ, ਚੇਅਰਮੈਨ ਇੰਪਰੂਵਮੈਂਟ ਟਰੱਸਟ ਜਤਿੰਦਰ ਭੱਲਾ ਅਤੇ ਸਹਾਇਕ ਕੇਂਦਰ ਡਾਇਰੈਕਟਰ ਬਲਜੀਤ ਸ਼ਰਮਾ ਐਫ. ਐਮ. ਬਠਿੰਡਾ ਸਤਿਕਾਰਤ ਮਹਿਮਾਨਾਂ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਸ.ਗਿੱਲ ਨੇ ਕਿਹਾ ਉਨ੍ਹਾਂ ਦੀ ਸਰਕਾਰ ਹਮੇਸ਼ਾਂ ਹੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਦਿਵਾਉਣ ਲਈ ਫ਼ੈਸਲੇ ਲੈਂਦੀ ਆ ਰਹੀ ਹੈ ਅਤੇ ਅੱਗੇ ਵੀ ਲੈਂਦੀ ਰਹੇਗੀ।ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਅੱਜ ਦੇ ਦਿਨ ਸਬੰਧੀ ਬੰਗਾਲੀ ਵਿਦਿਆਰਥੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਦੌਰਾਨ ਗਾਇਕ ਰਾਜਾ ਰਣਜੋਧ ਨੇ ਪੰਜਾਬੀ ਮਾਂ-ਬੋਲੀ, ਪੰਜਾਬੀ ਵਿਰਸੇ, ਰੱਬੀ ਇਸ਼ਕ ਅਤੇ ਅਜੋਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੇ ਵੱਖ-ਵੱਖ ਰੰਗਾਂ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕੀਤਾ ਅਤੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।
ਕਿਸਾਨ ਸੰਘਰਸ਼: ਬਠਿੰਡਾ ਦੇ ਨੌਜਵਾਨ ਕਿਸਾਨ ਦੀ ਹੋਈ ਮੌਤ, ਸ਼ੰਭੂ ਤੇ ਖਨੌਰੀ ਬਾਰਡਰ ਉਪਰ ਤਨਾਅ ਭਰਿਆ ਮਾਹੌਲ ਬਣਿਆ
ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਸਮਾਗਮ ਵਿੱਚ ਸੁਖਦੀਪ ਸਿੰਘ ਢਿੱਲੋਂ ਮਿਊਂਸੀਪਲ ਕੌਂਸਲਰ, ਸੁਖਮਨੀ ਸਿੰਘ, ਅਨਿਲ ਕੁਮਾਰ, ਸ਼ੁਭਮ ਅਤੇ ਸ਼ਹਿਰ ਦੀਆਂ ਉੱਘੀਆਂ ਸਾਹਿਤਕ ਸ਼ਖ਼ਸੀਅਤਾਂ ਵਿਚੋਂ ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆ, ਰਣਬੀਰ ਰਾਣਾ, ਅਮਰਜੀਤ ਸਿੰਘ, ਰਿਟਾ. ਡੀ.ਈ.ਓ. ਹਰਦੀਪ ਸਿੰਘ ਤੱਗੜ ਤੋਂ ਇਲਾਵਾ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।
Share the post "ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਦੋ-ਰੋਜ਼ਾ ਸਮਾਗਮ ਸੂਫ਼ੀਆਨਾ ਰੰਗ ਨਾਲ਼ ਸਮਾਪਤ"