ਕਿਹਾ, ਕੇਂਦਰ ਵੱਲੋਂ ਰਾਸ਼ਟਰਪਤੀ ਰਾਜ ਲਗਾਉਣ ਤੋਂ ਨਹੀਂ ਡਰਦਾ, ਪੰਜਾਬ ਦੇ ਲੋਕਾਂ ਨਾਲ ਖੜਾਂਗਾ
ਚੰਡੀਗੜ੍ਹ, 21 ਫ਼ਰਵਰੀ: ਖਨੌਰੀ ਬਾਰਡਰ ’ਤੇ ਕਿਸਾਨ ਸੰਘਰਸ਼ ਦੌਰਾਨ ਬਠਿੰਡਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਤਲਾਂ ਵਿਰੁਧ ਪਰਚਾ ਦਰਜ਼ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੀ ਧਰਤੀ ’ਤੇ ਆ ਕੇ ਧੱਕੇਸ਼ਾਹੀਆਂ ਕਰਨ ਵਿਰੁਧ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ‘‘ ਉਹ ਪੰਜਾਬ ਦੇ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਣਗੇ, ਬੇਸ਼ੱਕ ਇਸਦੇ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ 100 ਵਾਰ ਕਿਉਂ ਨਾ ਛੱਡਣੀ ਪਏ। ’’ ਦੇਰ ਸ਼ਾਮ ਸ਼ੋਸਲ ਮੀਡੀਆ ‘ਤੇ ਲਾਈਵ ਹੋ ਕੇ ਕਿਸਾਨ ਸੁਭਕਰਨ ਸਿੰਘ ਦੀ ਮੌਤ ’ਤੇ ਗਹਿਰਾ ਅਫ਼ਸੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਸ: ਮਾਨ ਨੇ ਪ੍ਰਵਾਰ ਨੂੰ ਹਰ ਸੰਭਵ ਆਰਥਿਤ ਇਮਦਾਦ ਦੇਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੋਸਟਮਾਰਟਮ ਦੀ ਰੀਪੋਰਟ ਤੋਂ ਬਾਅਦ ਉਸਦੇ ਕਾਤਲਾਂ ਵਿਰੁਧ ਪਰਚਾ ਦਰਜ਼ ਕੀਤਾ ਜਾਵੇਗਾ।
ਇਸਦੇ ਨਾਲ ਹੀ ਉਨ੍ਹਾਂ ਹਰਿਆਣਾ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੀ ਰਾਖ਼ੀ ਲਈ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫ਼ੌਰਸ ਅਤੇ ਐਂਬੂਲੈਂਸ ਗੱਡੀਆਂ ਨੂੰ ਤੈਨਾਤ ਕਰਨ ਦਾ ਵੀ ਐਲਾਨ ਕੀਤਾ। ਇਸਤੋਂ ਇਲਾਵਾ ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਡਟਵੀਂ ਹਿਮਾਇਤ ਦੀ ਵਚਨਵੱਧਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਅਪਣੇ ਦੋ ਡਾਕਟਰ ਕੈਬਨਿਟ ਮੰਤਰੀਆਂ ਸਹਿਤ ਇੱਕ ਡਾਕਟਰ ਵਿਧਾਇਕ ਦੀ ਡਿਊਟੀ ਹਸਪਤਾਲਾਂ ਵਿਚ ਲਗਾਉਣ ਦਾ ਵੀ ਫੈਸਲੇ ਬਾਰੇ ਦਸਿਆ। ਇਸ ਫੈਸਲੇ ਤਹਿਤ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਪਟਿਆਲਾ ਦੇ ਹਸਪਤਾਲ, ਡਾ ਬਲਜੀਤ ਕੌਰ ਪਾਤੜਾ-ਖਨੌਰੀ ਅਤੇ ਵਿਧਾਇਕ ਡਾ ਚਰਨਜੀਤ ਸਿੰਘ ਚੰਨੀ ਰਾਜਪੁਰਾ ਦੇ ਹਸਪਤਾਲ ਵਿਚ ਡਿਊਟੀ ਨਿਭਾਉਣਗੇ ਤੇ ਕਿਸਾਨਾਂ ਨੂੰ ਡਾਕਟਰੀ ਇਲਾਜ਼ ਲਈ ਹਰ ਸੰਭਵ ਉਪਰਾਲੇ ਕਰਨਗੇ। ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਦੇ ਵਿਵਹਾਰ ਦੀ ਸਖ਼ਤ ਭਾਸ਼ਾ ਵਿਚ ਨਿੰਦਾਂ ਕਰਦਿਆਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਕਿਸਾਨ ਇਕੱਠੇ ਹੋ ਕੇ ਹਰਿਆਣਾ ਦੇ ਬਾਰਡਰਾਂ ਤੱਕ ਪੁੱਜੇ ਹਨ ਤੇ ਕੋਈ ਹਿੰਸਕ ਕਾਰਵਾਈ ਨਹੀਂ। ਇਸੇ ਤਰ੍ਹਾਂ ਜੇਕਰ ਹਰਿਆਣਾ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨਾਂ ਨੂੰ ਜਾਣ ਦਿੰਦਾ ਤਾਂ ਕੋਈ ਘਟਨਾ ਨਹੀਂ ਵਾਪਰਨੀ ਸੀ।
ਕਿਸਾਨ ਸੰਘਰਸ਼ 2.0: ਪੰਜਾਬ ਨੇ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਸਬੰਧੀ ਕੇਂਦਰ ਦੇ ਦੋਸ਼ਾਂ ਨੂੰ ਨਕਾਰਿਆ
ਕਿਸਾਨ ਸ਼ੁਭਰਕਨ ਦੀ ਮੌਤ ’ਤੇ ਮੁੜ ਅਫ਼ਸੋਸ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ‘‘ ਦੋ ਕਿੱਲਿਆਂ ਦੇ ਮਾਲਕ ਸ਼ੁਭਕਰਨ ਕੋਈ ਫੋਟੋਆਂ ਖਿਚਾਉਣ ਲਈ ਬਾਰਡਰ ’ਤੇ ਨਹੀਂ ਆਇਆ ਸੀ , ਬਲਕਿ ਉਹ ਆਪਣੇ ਦੋ ਕਿੱਲਿਆਂ ਨੂੰ ਬਚਾਉਣ ਆਇਆ ਸੀ ਜਾਂ ਦੋ ਕਿਲਿਆਂ ਦੀ ਕਮਾਈ ਦਾ ਮੁੱਲ, ਉਹ ਮੰਗਣ ਆਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵਿਰੁਧ ਕਾਰਵਾਈ ਕਰਨ ਦੀਆਂ ਚੱਲ ਰਹੀਆਂ ਅਫਵਾਹਾਂ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘‘ ਉਹ ਅਪਣੇ ਲੋਕਾਂ ਦਾ ਸਾਥ ਨਹੀਂ ਛੱਡਣਗੇ ਤੇ ਇਸਦੇ ਲਈ ਕੇਂਦਰ ਪੰਜਾਬ ਵਿਚ ਇੱਕ ਵਾਰ ਨਹੀਂ 100 ਵਾਰੀ ਰਾਸ਼ਟਰਪਤੀ ਰਾਜ ਲਾ ਦੇਵੇ, ਮੈਂ 100 ਕੁਰਸੀਆਂ ਕੁਰਬਾਨ ਕਰਨ ਲਈ ਤਿਆਰ ਹਾਂ। ਇਸਦੇ ਨਾਲ ਹੀ ਉਨ੍ਹਾਂ ਪੰਜਾਬੀਆਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਕਿਹਾ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਇਹ ਪ੍ਰੇਰਨਾ ਦਿੱਤੀ ਹੋਈ ਹੈ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਦੇਸ਼ ਦੀ ਤਾਨਾਸਾਹ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰਅ ਸਰਕੂਗੀ ਅਤੇ ਕਿਸਾਨ ਮੰਗਾਂ ਬਾਰੇ ਫੈਸਲਾ ਲਵੇਗੀ।
Share the post "Big News: ਭਗਵੰਤ ਮਾਨ ਦਾ ਵੱਡਾ ਐਲਾਨ: ਨੌਜਵਾਨ ਕਿਸਾਨ ਦੇ ਕਾਤਲਾਂ ਵਿਰੁਧ ਹੋਵੇਗਾ ਪਰਚਾ ਦਰਜ਼"