ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਪੋਸਟ ‘ਤੇ ਕੀਤਾ ਕਬਜ਼ਾ
ਚੰਡੀਗੜ੍ਹ, 4 ਮਾਰਚ: ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਸਿਆਸਤ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਬੇਸ਼ੱਕ ਸੁਪਰੀਮ ਕੋਰਟ ਦੀ ਦਖਲ ਅੰਦਾਜੀ ਤੋਂ ਬਾਅਦ ਆਪਣੇ ਕਬਜ਼ੇ ਵਿੱਚ ਰੱਖਣ ਵਿਚ ਸਫਲ ਰਹੀ ਸੀ ਪ੍ਰੰਤੂ ਅੱਜ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਹੇਠ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਈ ਚੋਣ ਵਿੱਚ ਆਪ ਕਾਂਗਰਸ ਗਠਜੋੜ ਨੂੰ ਨੁਕਸਾਨ ਸਹਿਣਾ ਪਿਆ ਹੈ।
ਇਹਨਾਂ ਦੋਨਾਂ ਅਹੁਦਿਆਂ ‘ਤੇ ਭਾਜਪਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਸਫਲ ਰਹੀ ਹੈ। ਕੁੱਲ ਪੋਲ ਹੋਈਆਂ 36 ਵੋਟਾਂ ਦੇ ਵਿੱਚੋਂ 19 ਵੋਟਾਂ ਭਾਜਪਾ ਉਮੀਦਵਾਰਾਂ ਦੇ ਖਾਤੇ ਵਿੱਚ ਗਈਆਂ ਜਦੋਂ ਕਿ ਕਾਂਗਰਸ ਉਮੀਦਵਾਰਾਂ ਨੂੰ ਸਿਰਫ 16-16 ਵੋਟਾਂ ਹੀ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਇੱਕ ਵੋਟ ਜੋ ਕਿ ਕਾਂਗਰਸ ਉਮੀਦਵਾਰ ਨੂੰ ਪਈ ਸੀ ਉਹ ਰੱਦ ਹੋ ਗਈ।
ਚੋਣ ਨਤੀਜੇ ਦੇ ਮੁਤਾਬਕ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਸੀਨੀਅਰ ਡਿਪਟੀ ਮੇਅਰ ਅਤੇ ਰਜਿੰਦਰ ਕੁਮਾਰ ਸ਼ਰਮਾ ਡਿਪਟੀ ਮੇਅਰ ਬਣ ਗਏ ਹਨ। ਦੱਸਣਾ ਬਣਦਾ ਹੈ ਕਿ ਚੋਣ ਅਧਿਕਾਰੀ ਅਨਿਲ ਮਸੀਹ ਦੀ ਅਗਵਾਈ ਹੇਠ ਪਹਿਲਾਂ ਹੋਈ ਚੋਣ ਵਿੱਚ ਭਾਜਪਾ ਤਿੰਨੇ ਅਹੁੱਦੇ ਜਿੱਤਣ ਵਿੱਚ ਸਫਲ ਰਹੀ ਸੀ। ਪਰੰਤੂ ਇਸ ਦੌਰਾਨ ਅੱਠ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਸ ਦੇ ਚਲਦੇ ਮੇਅਰ ਪੋਸਟ ਦੇ ਉਮੀਦਵਾਰ ਕੁਲਦੀਪ ਕੁਮਾਰ ਪਹਿਲਾਂ ਹਾਈਕੋਰਟ ਤੇ ਮੁੜ ਸੁਪਰੀਮ ਕੋਰਟ ਵਿੱਚ ਚਲੇ ਗਏ ਸਨ।