ਪੰਜਾਬ ਤੇ ਹਰਿਆਣਾ ਵਿਚ ਸਭ ਤੋਂ ਆਖ਼ਰੀ ਗੇੜ੍ਹ 1 ਜੂਨ ਨੂੰ ਪੈਣਗੀਆਂ ਵੋਟਾਂ
ਚੋਣ ਜਾਬਤਾ ਲਾਗੂ, 97 ਕਰੋੜ ਵੋਟਰ ਕਰਨਗੇ 543 ਲੋਕ ਸਭਾ ਮੈਂਬਰਾਂ ਦੀ ਚੋਣ
ਚਾਰ ਰਾਜ਼ਾਂ ਤੇ 26 ਵਿਧਾਨ ਸਭਾ ਦੀਆਂ ਉਪ ਚੋਣਾਂ ਵੀ ਨਾਲ ਹੋਣਗੀਆਂ
ਨਵੀਂ ਦਿੱਲੀ, 16 ਮਾਰਚ: ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਦੇਸ ਦੇ ਸਭ ਤੋਂ ਵੱਡੇ ਲੋਕਤੰਤਰੀ ਮੇਲੇ ਭਾਵ ਲੋਕ ਸਭਾ ਚੋਣਾਂ ਦਾ ਅੱਜ ਐਲਾਨ ਹੋ ਗਿਆ ਹੈ। ਇਹ ਚੋਣਾਂ ਪੂਰੇ ਦੇਸ ਭਰ ਵਿਚ 7 ਗੇੜ੍ਹਾਂ ਵਿਚ ਹੋਣਗੀਆਂ। ਜਦੋਂਕਿ 4 ਜੂਨ ਨੂੰ ਪੂਰੇ ਦੇਸ ਵਿਚ ਵੋਟਾਂ ਦੀ ਗਿਣਤੀ ਹੋਵੇਗੀ ਤੇ ਉਸੇ ਦਿਨ ਹੀ ਚੋਣ ਨਤੀਜ਼ੇ ਐਲਾਨ ਦਿੱਤੇ ਜਾਣਗੇ। ਪੰਜਾਬ ਤੇ ਹਰਿਆਣਾ ਵਿਚ ਸਭ ਤੋਂ ਆਖ਼ਰੀ ਗੇੜ੍ਹ ਭਾਵ 1 ਜੂਨ ਨੂੰ ਵੋਟਾਂ ਪੈਣਗੀਆਂ। ਚੋਣਾਂ ਦਾ ਐਲਾਨ ਹੁੰਦੇ ਹੀ ਦੇਸ ਭਰ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ।
ਚੋਣ ਜਾਬਤੇ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਵੱਲੋਂ IAS ਤੇ PCS ਦੇ ਤਬਾਦਲੇ
ਦੇਸ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦੂਜੇ ਚੋਣ ਕਮਿਸ਼ਨਰਾਂ ਗਿਆਨੇਸ਼ ਕੁਮਾਰ ਤੇ ਸੁਖਬੀਰ ਸਿੰਘ ਸੰਧੂ ਦੀ ਹਾਜ਼ਰੀ ’ਚ ਸ਼ਨੀਵਾਰ ਦੁਪਿਹਰ ਕੀਤੀ ਪ੍ਰੈਸ ਕਾਨਫਰੰਸ ਵਿਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਨਾਲ ਹੀ ਅੱਧੀ ਦਰਜਨ ਸੂਬਿਆਂ ਵਿਚ 26 ਉਪ ਚੋਣਾਂ ਹੋਣ ਜਾ ਰਹੀਆਂ। ਇਸੇ ਤਰ੍ਹਾਂ ਚਾਰ ਰਾਜ਼ਾਂ ਸਿੱਕਮ, ਉੜੀਸ਼ਾ, ਅਰੁਣਚਾਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਵਿਚ ਵੀ ਜਨਰਲ ਚੋਣਾਂ ਹੋਣਗੀਆਂ। ਪਹਿਲਾਂ ਗੇੜ੍ਹ ਤਹਿਤ 19 ਅਪ੍ਰੈਲ, ਦੂਜੇ ਗੇੜ੍ਹ ਤਹਿਤ 26 ਅਪ੍ਰੈਲ , ਤੀਜ਼ੇ ਗੇੜ੍ਹ ਵਿਚ 7 ਮਈ , ਚੋਥੇ ਗੇੜ੍ਹ ਵਿਚ 13 ਮਈ, ਪੰਜਵੇਂ ਗੇੜ੍ਹ ਤਹਿਤ 20 ਮਈ, ਛੇਵੇਂ ਗੇੜ੍ਹ ਤਹਿਤ 25 ਮਈ ਅਤੇ ਆਖ਼ਰੀ ਗੇੜ੍ਹ ਭਾਵ ਸੱਤਵੇਂ ਗੇੜ੍ਹ ਵਿਚ 1 ਜੂਨ ਨੂੰ ਵੋਟਾਂ ਪੈਣਗੀਆਂ।
ਮੁੱਖ ਚੋਣ ਕਮਿਸ਼ਨਰ ਨੇ ਦਸਿਆ ਕਿ ਦੇਸ ਭਰ ਦੇ 96.8 ਕਰੋੜ ਵੋਟਰ ਕੁੱਲ 543 ਲੋਕ ਸਭਾ ਮੈਂਬਰਾਂ ਦੀ ਚੋਣ ਕਰਨਗੇ। ਇੰਨ੍ਹਾਂ ਕੁੱਲ ਵੋਟਰਾਂ ਵਿਚੋਂ 49.72 ਕਰੋੜ ਮਰਦ ਅਤੇ 47.15 ਕਰੋੜ ਔਰਤ ਵੋਟਰ ਹਨ। ਇਸੇ ਤਰ੍ਹਾਂ ਇੰਨ੍ਹਾਂ ਲੋਕ ਸਭਾ ਚੋਣਾਂ ਲਈ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੌਜਵਾਨ ਵੋਟਰਾਂ(18 ਤੇ 19 ਸਾਲ) ਦੀ ਗਿਣਤੀ 1.82 ਕਰੋੜ ਹੈ ਜਦੋਂਕਿ 21 ਤੋਂ 29 ਸਾਲ ਤੱਕ ਯੁਵਾ ਵੋਟਰਾਂ ਦੀ ਦੇਸ ਭਰ ਵਿਚ 19.74 ਕਰੋੜ ਗਿਣਤੀ ਹੈ। ਇਹ ਚੋਣਾਂ ਪੂਰੀ ਤਰ੍ਹਾਂ ਨਿਰੱਪਖ, ਸ਼ਾਂਤੀਪੂਰਵਕ ਅਤੇ ਬਿਨ੍ਹਾਂ ਕਿਸੇ ਭੈਅ ਤੋਂ ਹੋਣ, ਇਸਦੇ ਲਈ ਚੋਣ ਕਮਿਸ਼ਨ ਵੱਲੋਂ ਪੂਰੀ ਤਰ੍ਹਾਂ ਦੇ ਇੰਤਜਾਮ ਕੀਤੇ ਗਏ ਹਨ। ਇਸਤੋਂ ਇਲਾਵਾ ਝੂੁਠੀਆਂ ਅਫ਼ਵਾਹਾਂ, ਡਰਾਉਣ-ਧਮਕਾਉਣ ਜਾਂ ਲਾਲਚ ਦੇ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਗਿਆ ਹੈ।
Share the post "ਲੋਕ ਸਭਾ ਚੋਣਾਂ ਦਾ ਐਲਾਨ: 19 ਅਪ੍ਰੈਲ ਤੋਂ 1 ਜੂਨ ਤੱਕ 7 ਗੇੜਾਂ ਵਿਚ ਹੋਣਗੀਆਂ ਚੋਣਾਂ"