ਬਠਿੰਡਾ, 19 ਮਾਰਚ: ਮਰਹੁੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਆਏ ਛੋਟੇ ਵੀਰ ਦਾ ਨਾਮ ਵੀ ਮਾਪਿਆਂ ਵੱਲੋਂ ਸ਼ੁਭਦੀਪ ਸਿੰਘਰੱਖਿਆ ਗਿਆ ਹੈ। ਪ੍ਰਵਾਰ ਦਾ ਦਾਅਵਾ ਹੈ ਕਿ ਇਹ ਉਨ੍ਹਾਂ ਲਈ ਸ਼ੁਭਦੀਪ ਹੀ ਹੈ, ਜਿਸਦੇ ਚੱਲਦੇ ਇਹ ਨਾਂ ਹੀ ਰੱਖਿਆ ਗਿਆ ਹੈ। ਸਥਾਨਕ ਜਿੰਦਲ ਹਸਪਤਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੌਣੇ ਦੋ ਸਾਲ ਪਹਿਲਾਂ ਇਕਲੌਤੇ ਜਵਾਨ ਪੁੱਤ ਦੀ ਹੋਈ ਮੌਤ ਤੋਂ ਬਾਅਦ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੇ ਅਰਦਾਸਾਂ ਤੋਂ ਬਾਅਦ ਹੁਣ ਵਹਿਗੁਰੂ ਵੱਲੋਂ ਉਨ੍ਹਾਂ ਦੇ ਪ੍ਰਵਾਰ ਨੂੰ ਖ਼ੁਸੀ ਬਖ਼ਸੀ ਗਈ ਹੈ, ਜਿਸਦੇ ਲਈ ਉਹ ਉਸ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਨ। ਉਨ੍ਹਾਂ ਆਪਣੇ ਛੋਟੇ ਪੁੱਤਰ ਦਾ ਨਾਮ ਵੀ ਸੁਭਦੀਪ ਸਿੰਘ ਰੱਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਗਿਆ ਉਸ ਤਰ੍ਹਾਂ ਹੀ ਹੂਬਹੂ ਵਾਪਸ ਆਇਆ ਹੈ।
ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ
ਇਸ ਮੌਕੇ ਉਨ੍ਹਾਂ ਇਹ ਵੀ ਦਸਿਆ ਕਿ ਸਿੱਧੂ ਦੇ ਵਿਦੇਸ਼ੀ ਗਾਇਕਾਂ ਨਾਲ ਕਲੈਬੋਰੇਟ ਕੀਤੇ ਗਾਣੇ ਜਲਦੀ ਹੀ ਰਿਲੀਜ ਕੀਤੇ ਜਾਣਗੇ। ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਹਾਲੇ ਤੱਕ ਸਿਆਸਤ ਚ ਆਉਣ ਦਾ ਕੋਈ ਮਨ ਨਹੀਂ ਬਣਾਇਆ ਪ੍ਰੰਤੂ ਸਮਾਂ ਆਉਣ ’ਤੇ ਉਹ ਇਸਦੇ ਬਾਰੇ ਸੋਚ ਸਕਦੇ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਹੁਣ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਡਟ ਕੇ ਲੜਨਗੇ। ਉਨ੍ਹਾਂ ਅਪਣੇ ਪੁੱਤਰ ਦੀ ਬੇਵਕਤੀ ਮੌਤ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਲੋਰੈਂਸ ਬਿਸ਼ਨੋਈ ਵਰਗੇ ਗੈਂਗਸਟਰਾਂ ਦੀਆਂ ਇੰਟਰਵਿਊ ਵੀ ਕਰਵਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਤੇ ਪਰਦੇ ਵੀ ਪਾਏ ਜਾ ਰਹੇ ਹਨ। ਉਨ੍ਹਾਂ ਸਿੱਧੂ ਦੀ ਸੁਰੱਖਿਆ ਵਾਪਸ ਲੈਣ ’ਤੇ ਵੀ ਮੁਲਾਲ ਜਾਹਿਰ ਕੀਤਾ। ਗੌਰਤਲਬ ਹੈ ਕਿ ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਸੋਮਵਾਰ ਮਾਤਾ ਚਰਨ ਕੌਰ ਦੇ ਕੁੱਖੋਂ ਛੋਟੇ ਸੁਭਦੀਪ ਦਾ ਜਨਮ ਹੋਇਆ ਸੀ।