7 Views
ਬਠਿੰਡਾ ‘ਚ ਅਚਨਚੇਤ ਪੁੱਜੇ ਭਗਵੰਤ ਮਾਨ ਨੇ ਵਿਧਾਇਕਾਂ ਤੇ ਅਹੁੱਦੇਦਾਰਾਂ ਨਾਲ ਕੀਤੀ ਮੀਟਿੰਗ
ਬਠਿੰਡਾ, 21 ਮਾਰਚ: ਬੀਤੇ ਕੱਲ੍ਹ ਸ਼ਾਮ ਨੂੰ ਬਠਿੰਡਾ ਵਿਖੇ ਅਚਨਚੇਤ ਪੁੱਜੇ ਮੁੱਖ ਮੰਤਰੀ Bhagwant Mann ਨੇ ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਸਥਾਨਕ ਇਕ ਹੋਟਲ ਵਿੱਚ ਠਹਿਰੇ ਮੁੱਖ ਮੰਤਰੀ ਨੇ ਇਸ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਲਈ ਰਣਨੀਤੀ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਕੀਤੀ। ਮੀਟਿੰਗ ਦੌਰਾਨ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੀ ਨਾਲ ਮੌਜੂਦ ਰਹੇ।
ਇਸ ਮੌਕੇ ਮੁੱਖ ਮੰਤਰੀ ਨੇ ਵਿਧਾਇਕਾਂ ਤੇ ਅਹੁੱਦੇਦਾਰਾਂ ਨੂੰ ਵੱਡੀਆਂ ਰੈਲੀਆਂ ਦੀ ਬਜਾਏ ਨੁੱਕੜ ਮੀਟਿੰਗਾਂ ਅਤੇ ਵੋਟਰਾਂ ਨਾਲ ਤਾਲਮੇਲ ਲਈ ਕਿਹਾ। ਸੂਤਰਾਂ ਮੁਤਾਬਕ ਵਿਧਾਇਕਾਂ ਤੇ ਅਹੁੱਦੇਦਾਰਾਂ ਨੂੰ ਸ:ਮਾਨ ਨੇ ਆਪ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗਣ ਲਈ ਕਿਹਾ। ਉਨਾਂ ਅਸਿੱਧੇ ਢੰਗ ਨਾਲ ਚੋਣਾਂ ਵਿੱਚ ਵਿਧਾਇਕਾਂ ਤੇ ਚੇਅਰਮੈਨਾਂ ਦੇ ਕਾਰਜਾਂ ਦੀ ਪੜਚੋਲ ਬਾਰੇ ਵੀ ਇਸ਼ਾਰਾ ਕਰਦਿਆਂ ਚੰਗਾ ਕੰਮ ਕਰਨ ਵਾਲਿਆਂ ਨੂੰ ਥਾਪੀ ਦੇਣ ਦਾ ਭਰੋਸਾ ਵੀ ਦਿੱਤਾ।
ਉਨਾਂ ਚੇਅਰਮੈਨਾਂ ਨੂੰ ਆਪੋ ਆਪਣੇ ਵਿਭਾਗਾਂ ਦੇ ਵਿੱਚ ਲੋਕਾਂ ਨਾਲ ਤਾਲਮੇਲ ਕਰਨ ਅਤੇ ਮੀਟਿੰਗਾਂ ਕਰਵਾਉਣ ਲਈ ਕਿਹਾ। ਇਸਤੋਂ ਇਲਾਵਾ ਮੀਟਿੰਗ ਦੌਰਾਨ ਅਕਾਲੀ-ਭਾਜਪਾ ਦੇ ਸੰਭਾਵੀ ਗਠਜੋੜ ਬਾਰੇ ਚੱਲੀ ਚਰਚਾ ਦੌਰਾਨ ਹਲਕੇ ਫੁਲਕੇ ਮਾਹੌਲ ਵਿਚ ਮੁੱਖ ਮੰਤਰੀ ਨੇ ਇਸਨੂੰ ਕੱਛੂ ਕੁੰਮੇ ਤੇ ਚੂਹੇ ਵਾਲੀ ਯਾਰੀ ਦਸਦਿਆਂ ਦਾਅਵਾ ਕੀਤਾ ਕਿ ਅਖੀਰ ਵਿੱਚ ਦੋਨਾਂ ਦਾ ਸਿਆਸੀ ਤੌਰ ‘ਤੇ ਡੁੱਬਣਾ ਤੈਅ ਹੈ।
ਮੀਟਿੰਗ ਵਿੱਚ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਜਗਰੂਪ ਸਿੰਘ ਗਿੱਲ, ਸੁਖਬੀਰ ਸਿੰਘ ਮਾਈਸਰਖਾਨਾ, ਜਗਸੀਰ ਸਿੰਘ, ਪ੍ਰੋਫੈਸਰ ਬਲਜਿੰਦਰ ਕੌਰ, ਗੁਰਪ੍ਰੀਤ ਸਿੰਘ ਬਣਾਂਵਾਲੀ ਤੋ ਇਲਾਵਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਨਵਦੀਪ ਸਿੰਘ ਜੀਦਾ, ਇੰਦਰਜੀਤ ਸਿੰਘ ਮਾਨ, ਰਾਕੇਸ਼ ਪੁਰੀ, ਜਤਿੰਦਰ ਸਿੰਘ ਭੱਲਾ, ਨੀਲ ਗਰਗ, ਅਨਿਲ ਠਾਕੁਰ, ਗੁਰਜੰਟ ਸਿੰਘ ਸਿਵੀਆ, ਰਾਜੂ ਢੱਡੇ, ਕੌਂਸਲਰ ਸੁਖਦੀਪ ਸਿੰਘ ਢਿੱਲੋਂ, ਅਮਰਦੀਪ ਸਿੰਘ ਰਾਜਨ, ਮਨਦੀਪ ਕੌਰ ਰਾਮਗੜ੍ਹੀਆ, ਬਲਕਾਰ ਸਿੰਘ ਭੋਖੜਾ ਸੁਰਿੰਦਰ ਬਿੱਟੂ, ਸੁਖਜੀਤ ਸਿੰਘ ਬਾਨ ਆਦਿ ਹਾਜ਼ਰ ਸਨ।