ਨਵੀਂ ਦਿੱਲੀ, 22 ਮਾਰਚ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ’ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ’ਤੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ। ਸ: ਮਾਨ ਨੇ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ।ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਲੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ’ਆਪ’ ਪੰਜਾਬ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਇਹ ਸਥਿਤੀ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ। ਏਜੰਸੀਆਂ ਨੂੰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਜੇਕਰ ਕੋਈ ਵਿਰੋਧੀ ਧਿਰ ਦਾ ਨੇਤਾ ਭਾਜਪਾ ਦੇ ਅੱਤਿਆਚਾਰਾਂ ਵਿਰੁੱਧ ਬੋਲਦਾ ਹੈ ਤਾਂ ਈਡੀ, ਸੀਬੀਆਈ ਅਤੇ ਇਨਕਮ ਟੈਕਸ ਵਿਭਾਗ ਉਸ ਦੇ ਘਰ ਆ ਜਾਂਦਾ ਹੈ। ਦੇਸ਼ ਦੀ ਮੌਜੂਦਾ ਸਥਿਤੀ ਅਣਐਲਾਨੀ ਐਮਰਜੈਂਸੀ ਵਰਗੀ ਹੈ। ਉਨ੍ਹਾਂ ਕਿਹਾ ਕਿ ਗੈਰ-ਭਾਜਪਾ ਸਰਕਾਰਾਂ ਨੂੰ ਰਾਜਪਾਲ ਰਾਹੀਂ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਮੈਂ ਵੀ ਇਸ ਦਾ ਸ਼ਿਕਾਰ ਹਾਂ।
ਆਪ ਆਗੂਆਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਮੋਹਾਲੀ,ਚੰਡੀਗੜ੍ਹ ਵਿੱਚ ਕੀਤਾ ਜਬਰਦਸਤ ਪ੍ਰਦਰਸ਼ਨ
ਮਮਤਾ ਦੀਦੀ ਨੂੰ ਹਰ ਰੋਜ਼ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹੇਮੰਤ ਸੋਰੇਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਵੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਕੋਈ ਕੰਮ ਕਰਦੇ ਹਨ ਤਾਂ ਐਲਜੀ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਸਰਕਾਰ ਲਈ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਭਾਜਪਾ ਵਾਲੇ ਚਾਹੁੰਦੇ ਹਨ ਕਿ ਕੋਈ ਵੀ ਵਿਰੋਧੀ ਨੇਤਾ ਇਨ੍ਹਾਂ ਚੋਣਾਂ ਵਿਚ ਪ੍ਰਚਾਰ ਨਾ ਕਰ ਸਕੇ ਅਤੇ ਇਕ ਵਾਰ ਫਿਰ ਸੱਤਾ ਖੋਹਣਾ ਚਾਹੁੰਦੇ ਹਨ।ਅਰਵਿੰਦ ਕੇਜਰੀਵਾਲ ਇੱਕ ਦੇਸ਼ਭਗਤ ਵਿਅਕਤੀ ਹਨ, ਜੇਕਰ ਉਹ ਸਿਰਫ ਪੈਸਾ ਕਮਾਉਣਾ ਚਾਹੁੰਦੇ, ਤਾਂ ਉਹ ਇੱਕ ਆਈਆਰਐਸ ਅਫਸਰ ਸੀ ਅਤੇ ਉਨਾਂ ਦੀ ਪਤਨੀ ਵੀ ਆਈਆਰਐਸ ਕਮਿਸ਼ਨਰ ਹੈ। ਮੈਂ ਹੁਣੇ ਹੀ ਉਨਾ ਦੇ ਪਰਿਵਾਰ ਨੂੰ ਮਿਲ ਕੇ ਵਾਪਸ ਆ ਰਿਹਾ ਹਾਂ ਅਤੇ ਉਨਾਂ ਦੇ ਬਚਿਆਂ ਦੇ ਇਮਤਿਹਾਨ ਹਨ, ਪਰ ਉਹ ਉਨ੍ਹਾਂ ਨੂੰ ਕਿਸੇ ਵੀ ਚੀਜ਼ ਲਈ ਬਾਹਰ ਨਹੀਂ ਜਾਣ ਦੇ ਰਹੇ ਹਨ। ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਹਨ। ਇਸ ਗੱਲ ਵਿੱਚ ਬੱਚਿਆਂ ਦਾ ਕੀ ਕਸੂਰ? ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਛੋਟੀ ਪਾਰਟੀ ਨਹੀਂ ਰਹੀ। 10 ਸਾਲਾਂ ਵਿੱਚ ਇਹ ਰਾਸ਼ਟਰੀ ਪਾਰਟੀ ਬਣ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਦਾ ਮੇਅਰ ਕਿਵੇਂ ਚੁਣਿਆ ਗਿਆ, ਸਾਰਾ ਦੇਸ ਜਾਣਦਾ ਹੈ ਤੇ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੁਪਰੀਮ ਕੋਰਟ ਵੱਲੋਂ ਕਿਸੇ ਮੇਅਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੇਜਰੀਵਾਲ ਦੇ ਨਾਲ ਚੱਟਾਨ ਵਾਂਗ ਖੜੀ ਹੈ।
ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਨੂੰ ਭੇਜਿਆ ਈ.ਡੀ ਕੋਲ 6 ਦਿਨਾਂ ਦੇ ਰਿਮਾਂਡ ’ਤੇ
ਤੁਸੀਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਉਨਾਂ ਦੀ ਸੋਚ ਨੂੰ ਰੋਕ ਨਹੀਂ ਸਕਦੇ। ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੋਚ ਹੈ, ਤੁਸੀਂ ਇਸ ਨੂੰ ਕਿਵੇਂ ਰੋਕੋਗੇ? ਜਦੋਂ ਕੇਜਰੀਵਾਲ ਨੇ ਮੈਨੂੰ ਇਹ ਕਹਿ ਕੇ ਬੁਲਾਇਆ ਕਿ ਚੰਗੀ ਰਾਜਨੀਤੀ ਕਰਨ ਲਈ ਚੰਗੇ ਲੋਕਾਂ ਦੀ ਲੋੜ ਹੈ ਤਾਂ ਮੈਂ ਆਪਣਾ ਕੰਮ ਛੱਡ ਕੇ ਦਿੱਲੀ ਆ ਗਿਆ। ਮੈਂ ਮਸ਼ਹੂਰ ਕਲਾਕਾਰ ਸੀ, ਮੈਨੂੰ ਰਾਜਨੀਤੀ ਵਿੱਚ ਆਉਣ ਦੀ ਕੀ ਲੋੜ ਸੀ? ਪਾਰਟੀ ਲਈ ਕੋਈ ਸੰਕਟ ਨਹੀਂ ਹੈ, ਪਾਰਟੀ ਮਜ਼ਬੂਤੀ ਨਾਲ ਸਾਹਮਣੇ ਆਵੇਗੀ। 10 ਸਾਲਾਂ ’ਚ ਇਸ ਦੇਸ਼ ’ਚ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ, ਤੁਸੀਂ ਇਨ੍ਹਾਂ ਸਾਰਿਆਂ ਨੂੰ ਕਿਵੇਂ ਗ੍ਰਿਫਤਾਰ ਕਰੋਗੇ? ਮਾਨ ਨੇ ਕਿਹਾ, ਪਹਿਲਾਂ ਮੈਂ ਅਰਵਿੰਦ ਕੇਜਰੀਵਾਲ ਨਾਲ ਇੰਡੀਆ ਗਠਜੋੜ ਦੀਆਂ ਸਾਰੀਆਂ ਮੀਟਿੰਗਾਂ ਵਿੱਚ ਜਾਂਦਾ ਸੀ, ਚਾਹੇ ਉਹ ਬੈਂਗਲੁਰੂ, ਪਟਨਾ ਜਾਂ ਹੋਰ ਕਿਤੇ ਵੀ ਹੋਵੇ। ਹੁਣ ਮੈਂ ਵੀ ਇੰਡੀਆ ਅਲਾਇੰਸ ਦੀਆਂ ਮੀਟਿੰਗਾਂ ਵਿੱਚ ਜਾਵਾਂਗਾ। ਇਹ ਸਿਰਫ਼ ਅਰਵਿੰਦ ਕੇਜਰੀਵਾਲ ਦਾ ਮਾਮਲਾ ਨਹੀਂ ਹੈ, ਇਹ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦਾ ਮਾਮਲਾ ਹੈ।
Share the post "ਅਰਵਿੰਦ ਕੇਜਰੀਵਾਲ ਸਿਰਫ ਇਕ ਵਿਅਕਤੀ ਨਹੀਂ ਬਲਕਿ ਇਕ ਸੋਚ ਹੈ, ਸੋਚ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ : ਭਗਵੰਤ ਮਾਨ"