ਤਲਵੰਡੀ ਸਾਬੋ, 02 ਅਪ੍ਰੈਲ: ਹਰ ਸਾਲ ਹਾਦਸਿਆਂ, ਸੜਕ ਦੁਰਘਟਨਾਵਾਂ ਅਤੇ ਉਮਰ ਨਾਲ ਹੱਡੀਆਂ ਦੇ ਟੁੱਟਣ ਜਾਂ ਕਮਜੋਰ ਹੋਣ ਕਾਰਨ ਵਿਸ਼ਵ ਪੱਧਰ ‘ਤੇ ਲੋਕਾਂ ਨੂੰ ਸਰਜਰੀ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸ ਲਈ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਹੱਡੀਆਂ ਜੋੜਨ ਵਾਸਤੇ ਸਟੇਨਲੈਸ ਸਟੀਲ ਅਤੇ ਕ੍ਰੋਮ ਕੋਬਾਲਟ ਮਿਸ਼ਰਿਤ ਧਾਤੂ ਤੋਂ ਬਣੇ ਇਮਪਲਾਂਟ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੁਝ ਸਮੇਂ ਬਾਦ ਜਾਂ ਕਈ ਕੇਸਾਂ ਵਿੱਚ ਮਨੁੱਖੀ ਸ਼ਰੀਰ ਇਨ੍ਹਾਂ ਬਾਹਰੀ ਧਾਤੂਆਂ ਨੂੰ ਸਵੀਕਾਰ ਨਹੀਂ ਕਰਦਾ ਤੇ ਹੱਡੀਆਂ ਜੁੜਨ ਤੋਂ ਬਾਦ ਇਸ ਨੂੰ ਬਾਹਰ ਕੱਢਣਾ ਪੈਂਦਾ ਹੈ। ਜਿਸ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਆਰਥਿਕ ਨੁਕਸਾਨ ਅਤੇ ਸਰੀਰਿਕ ਦਰਦ ਝੱਲਣਾ ਪੈਂਦਾ ਹੈ। ਮਰੀਜ਼ਾਂ ਨੂੰ ਇਸ ਤੋਂ ਨਿਜਾਤ ਦਿਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੋਜੀ ਵਿਗਿਆਨੀ ਡਾ. ਨਵਦੀਪ ਸਿੰਘ ਵੱਲੋਂ ਮੈਗਨੀਸ਼ਿਅਮ ਆਧਾਰਿਤ ਬਾਇਓਡੀਗ੍ਰੇਡੇਬਲ ਇਮਪਲਾਂਟ ਵਿਕਸਿਤ ਕਰ ਲਿਆ ਗਿਆ ਹੈ ਅਤੇ ਹੁਣ ਇਸ ਦੇ ਵਿਕਾਸ ਤੇ ਖੋਜ ਕਾਰਜ ਜਾਰੀ ਹਨ।
ਸੁਪਰੀਮ ਕੋਰਟ ਦਾ ਅਹਿਮ ਫੈਸਲਾਂ, ਸੰਜੇ ਸਿੰਘ ਨੂੰ ਦਿੱਤੀ ਜ਼ਮਾਨਤ
ਡਾ. ਨਵਦੀਪ ਸਿੰਘ ਦੀ ਇਸ ਖੋਜ ਤੇ ਵਧਾਈ ਦਿੰਦਿਆਂ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਜੀ.ਕੇ.ਯੂ. ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਯੂਨੀਵਰਸਿਟੀ ਬਣੀ ਹੈ, ਇਸ ਰਫ਼ਤਾਰ ਨੂੰ ਕਾਇਮ ਰੱਖਦੇ ਹੋਏ ਹੁਣ ‘ਵਰਸਿਟੀ ਦੇ ਇਸ ਖੋਜੀ ਨੇ ਜੀ.ਕੇ.ਯੂ. ਦਾ ਨਾਮ ਖੋਜ ਦੇ ਖੇਤਰ ਵਿੱਚ ਵੀ ਉੱਚਾ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਤੇ ਸਮੂਹ ਜੀ.ਕੇ.ਯੂ. ਪਰਿਵਾਰ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਕਿਹਾ ਕਿ ਸੰਸਾਰਿਕ ਪੱਧਰ ‘ਤੇ ਆ ਰਹੇ ਬਦਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਵਰਸਿਟੀ ਦੇ ਖੋਜੀਆਂ ਅਤੇ ਪਾੜਿਆਂ ਵੱਲੋਂ ਸਮਾਜ ਭਲਾਈ ਅਤੇ ਸਰਬੱਤ ਦੇ ਭਲੇ ਲਈ ਵੱਖ-ਵੱਖ ਖੇਤਰਾਂ ਵਿੱਚ ਖੋਜ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਲੋਕਾਈ ਦੀ ਖੁਸ਼ਹਾਲੀ ਲਈ ਜੀ.ਕੇ.ਯੂ. ਵਿਗਿਆਨੀਆਂ ਨੂੰ ਹੋਰ ਖੋਜਾਂ ਲਈ ਪ੍ਰੋਤਸਾਹਿਤ ਕਰੇਗੀ ਅਤੇ ਉਹ ਹਮੇਸ਼ਾ ਸਹਿਯੋਗ ਲਈ ਤੱਤਪਰ ਹੈ।
ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਸਪੀਕਰ ਵੱਲੋਂ ਨਾਮੰਨਜ਼ੂਰ
ਡਾ. ਨਵਦੀਪ ਸਿੰਘ ਨੇ ਖੋਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਡੀਆਂ ਜੋੜਨ ਵਾਸਤੇ ਇਹ ਮੈਗਨਿਸ਼ੀਅਮ ਆਧਾਰਿਤ ਇਮਪਲਾਂਟ ਮਨੁੱਖੀ ਸ਼ਰੀਰ ਵਿੱਚ ਆਪਣੇ ਆਪ ਘੁੱਲ ਕੇ ਹੱਡੀਆਂ ਵਿੱਚ ਰੱਚ ਜਾਵੇਗਾ। ਜਿਸ ਨਾਲ ਮਰੀਜ਼ ਨੂੰ ਸ਼ਰੀਰਿਕ ਬੇਅਰਾਮੀ, ਵਿੱਤੀ ਨੁਕਸਾਨ, ਡਾਕਟਰੀ ਖਰਚੇ ਅਤੇ ਵਾਧੂ ਦੇਖਭਾਲ ਆਦਿ ਤੋਂ ਮੁਕਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਖੋਜ ਨੂੰ ਲੈਬ ਟੈਸਟ ਵਿੱਚ ਸ਼ਾਨਦਾਰ ਹਾਂ ਪੱਖੀ ਨਤੀਜੇ ਮਿਲਣ ਕਾਰਨ ਕਲੀਨਿਕਲ ਅਜ਼ਮਾਇਸ਼ ਲਈ ਮਨਜ਼ੂਰੀ ਮਿਲ ਗਈ ਹੈ। ਜੇਕਰ ਇਹ ਤਜ਼ੁਰਬਾ ਸਫ਼ਲ ਰਿਹਾ ਤਾਂ ਹੱਡੀਆਂ ਜੋੜਨ ਦੇ ਆਪਰੇਸ਼ਨ ਵਿੱਚ ਸ਼ਾਨਦਾਰ ਕ੍ਰਾਂਤੀ ਵੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਇਸ ਸਫ਼ਲਤਾ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰਬੰਧਕਾਂ, ਉੱਪ ਕੁਲਪਤੀ ਅਤੇ ਸਮੂਹ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜੀ ਵੱਲੋਂ ਹੱਡੀਆਂ ਦੇ ਜੋੜ ਲਈ “ਬਾਇਓਡੀਗ੍ਰੇਡੇਬਲ ਇਮਪਲਾਂਟ” ਦੀ ਵਰਤੋਂ"