ਬਠਿੰਡਾ, 4 ਅਪ੍ਰੈਲ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੜੇਮਾਰੀ ਅਤੇ ਤੂਫਾਨ ਕਾਰਨ ਹੋਏ ਨੁਕਸਾਨ, ਬਿਮਾਰੀ ਕਾਰਨ ਪਸ਼ੂਆਂ ਦੇ ਨੁਕਸਾਨ,ਗੈਸ ਪਾਈਪ ਲਾਈਨ ਦੇ ਮੁਆਵਜੇ ਅਤੇ ਹੋਰ ਮੰਗਾਂ ਸਬੰਧੀ ਬਠਿੰਡਾ ਦੇ ਮਿੰਨੀ ਡਿਪਟੀ ਕਮਿਸ਼ਨਰ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨਾਲ ਗੈਸ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਤੈਅ ਕੀਤੀ ਹੋਈ ਮੀਟਿੰਗ ਨਾ ਕਰਨ ਕਾਰਨ ਕਿਸਾਨਾਂ ਦਾ ਡਿਪਟੀ ਕਮਿਸ਼ਨਰ, ਖੇਤੀਬਾੜੀ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਐਮਐਲਏ ਤਲਵੰਡੀ ਸਾਬੋ ਬਲਜਿੰਦਰ ਕੌਰ ਅਤੇ ਐਮਐਲਏ ਮੌੜ ਸੁਖਵੀਰ ਸਿੰਘ ਮਾਈਸਰਖਾਨਾ ਖਿਲਾਫ ਤਿੱਖਾ ਰੋਸ ਪਾਇਆ ਗਿਆ। ਅੱਜ ਕਿਸਾਨਾਂ ਨੂੰ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਐਮਐਲਏ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਮਸਲਾ ਹੱਲ ਕਰਨ ਦਾ ਸਮਾਂ ਦਿੱਤਾ ਸੀ।
7 ਅਪ੍ਰੈਲ ਨੂੰ ਕਿਸਾਨ ਕੇਂਦਰ ਤੇ ਪੰਜਾਬ ਸਰਕਾਰ ਦੇ ਸਾੜਣਗੇ ਪੁਤਲੇ
ਆਗੂਆਂ ਨੇ ਐਸਐਸਪੀ ਕੋਲ ਜਾ ਕੇ ਵੀ ਆਪਣਾ ਰੋਸ ਜਤਾਇਆ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਗੈਸ ਪਾਈਪ ਲਾਈਨ ਦਾ 15 ਮਈ ਨੂੰ ਲਿਖਤੀ ਸਮਝੌਤਾ ਹੋ ਚੁੱਕਿਆ ਹੈ ਪਰ ਕੰਪਨੀ ਵੱਲੋਂ ਜਾਣ ਬੁਝ ਕੇ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਕਿਸਾਨਾਂ ਨਾਲ ਨਾਹ ਪੱਖੀ ਰਵਈਆ ਸਾਹਮਣੇ ਆ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪਿਛਲੇ ਦਿਨੀਂ ਗੜੇਮਾਰੀ ਤੇ ਭਾਰੀ ਤੂਫਾਨ ਕਾਰਨ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਅਤੇ ਪਸ਼ੂਆਂ ਦੇ ਸੈੱਡਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਜਿਸ ਦੇ ਮੁਆਵਜੇ ਸਬੰਧੀ ਪੰਜ ਮਾਰਚ ਨੂੰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਪਰ ਜਿਲਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਇਸ ਨੂੰ ਹੱਲ ਕਰਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਮਿੰਨੀ ਸਕੱਤਰੇਤ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਸੀਟ ਤੋਂ ਲੜਣਗੇ ਲੋਕ ਸਭਾ ਚੋਣ?
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਭਿਆਨਕ ਬਿਮਾਰੀ ਕਾਰਨ ਰਾਏ ਕੇ ਕਲਾ,ਆਕਲੀਆ ਕਲਾਂ ਅਤੇ ਹੋਰ ਪਿੰਡਾਂ ਦੇ ਕਿਸਾਨਾਂ ਦੇ ਪਸ਼ੂਧਨ ਦਾ ਵੱਡਾ ਨੁਕਸਾਨ ਹੋ ਗਿਆ ਹੈ ਜਿਸ ਸਬੰਧੀ ਖੇਤੀਬਾੜੀ ਮੰਤਰੀ ਅਤੇ ਡਾਕਟਰਾਂ ਦੀਆਂ ਟੀਮਾਂ ਨੇ ਵੀ ਪਿੰਡਾਂ ਵਿੱਚ ਕਿਸਾਨਾਂ ਨੂੰ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਨਹਿਰੀ ਪਾਣੀ ਦੀ ਟੇਲਾੱ ਤੇ ਵੱਡੀ ਸਮੱਸਿਆ ਹੈ ਜੋ ਹੱਲ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮਸਲਾ ਐਮਐਲਏ ਤੇ ਖੇਤੀਬਾੜੀ ਮੰਤਰੀ ਦੇ ਲਗਾਤਾਰ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਆਉਂਦੇ ਦਿਨਾਂ ਵਿੱਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਲਈ ਤਿਆਰ ਰਹੇ। ਅੱਜ ਦੇ ਧਰਨੇ ਨੂੰ ਮਾਲਣ ਕੌਰ ਕੋਠਾ ਗੁਰੂ, ਸੁਖਦੇਵ ਸਿੰਘ ਰਾਮਪੁਰਾ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਹਰਜਿੰਦਰ ਸਿੰਘ ਬੱਗੀ, ਬਾਬੂ ਸਿੰਘ ਮੰਡੀ ਖੁਰਦ ,ਨਛੱਤਰ ਸਿੰਘ ਢੱਡੇ, ਜਸਵੀਰ ਸਿੰਘ ਬੁਰਜ ਸੇਮਾ ,ਜਗਦੇਵ ਸਿੰਘ ਜੋਗੇਵਾਲਾ ,ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ ,ਬਲਜੀਤ ਸਿੰਘ ਪੂਹਲਾ ,ਅਜੇਪਾਲ ਸਿੰਘ ਘੁੱਦਾ ,ਅਮਰੀਕ ਸਿੰਘ ਸਿਵੀਆਂ, ਹਰਪ੍ਰੀਤ ਸਿੰਘ ਚੱਠੇਵਾਲਾ ,ਬੂਟਾ ਸਿੰਘ ਬੱਲੋ ਵੀ ਸ਼ਾਮਿਲ ਸਨ।
Share the post "ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਸ਼ੁਰੂ"