ਸ਼ਿਮਲਾ, 10 ਅਪ੍ਰੈਲ: ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਕ ਹੋਟਲ ਵਿੱਚੋਂ ਪੰਜਾਬ ਨਾਲ ਸੰਬੰਧਿਤ ਇੱਕ ਸਾਬਕਾ ਅਕਾਲੀ ਮੰਤਰੀ ਦਾ ਪੁੱਤਰ ਭਾਰੀ ਮਾਤਰਾ ‘ਚ ਚਿੱਟੇ ਅਤੇ ਇੱਕ ਲੜਕੀ ਸਹਿਤ ਹਿਮਾਚਲ ਪ੍ਰਦੇਸ਼ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਕਤ ਸਾਬਕਾ ਮੰਤਰੀ ਦੇ ਪੁੱਤਰ ਦੇ ਨਾਲ ਤਿੰਨ ਹੋਰ ਦੋਸਤ ਵੀ ਦੱਸੇ ਜਾ ਰਹੇ ਹਨ, ਜੋ ਕਿ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਦੇ ਇੱਕ ਹੋਟਲ ਦੇ ਵਿੱਚੋਂ ਚਾਰ ਲੜਕੇ ਅਤੇ ਇੱਕ ਨੌਜਵਾਨ ਲੜਕੀ ਨੂੰ ਗਿਰਫਤਾਰ ਕੀਤਾ ਗਿਆ ਹੈ, ਜਿਨਾਂ ਦੇ ਕੋਲੋਂ 42 ਗਰਾਮ ਚਿੱਟਾ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਕਥਿਤ ਮੁਜਰਮ ਪ੍ਰਕਾਸ਼ ਸਿੰਘ ਪੰਜਾਬ ਦੇ ਨਾਲ ਸੰਬੰਧਿਤ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਦਸਿਆ ਜਾ ਰਿਹਾ ਹੈ।
MP ਸੰਜੇ ਸਿੰਘ ਨੇ ਭਗਵੰਤ ਮਾਨ ਨੂੰ ਬੇਟੀ ਦੀਆਂ ਦਿੱਤੀਆਂ ਵਧਾਈਆਂ
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖੁਦ ਸੁੱਚਾ ਸਿੰਘ ਲੰਗਾਹ ਵੀ ਸਾਲ 2017 ਵਿੱਚ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਸਨ ਜਦੋਂ ਉਹਨਾਂ ਦੀ ਇੱਕ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ। ਇਸ ਮਾਮਲੇ ਦੇ ਵਿੱਚ ਉਹਨਾਂ ਵਿਰੁੱਧ ਵੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਤੇ ਨਾਲ ਹੀ ਸੁੱਚਾ ਸਿੰਘ ਲੰਗਾਹ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੈਂਬਰ ਹੋਣ ਕਾਰਨ ਉਹਨਾਂ ਨੂੰ ਪੰਥ ਤੋਂ ਛੇਕ ਵੀ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਸ੍ਰੀ ਲੰਗਾਹ ਵੱਲੋਂ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਕੇ ਭੁੱਲ ਬਖਸ਼ਾਈ ਗਈ ਸੀ ਪਰ ਹੁਣ ਉਹਨਾਂ ਦੇ ਪੁੱਤਰ ਦੀ ਇਹ ਕਰਤੂਤ ਸਾਹਮਣੇ ਆਉਣ ਕਾਰਨ ਉਹ ਮੁੜ ਚਰਚਾ ਵਿੱਚ ਆ ਗਏ ਹਨ।