18 Views
ਨਵੀਂ ਦਿੱਲੀ, 10 ਅਪ੍ਰੈਲ: ਪਹਿਲਾਂ ਹੀ ਈਡੀ ਦੇ ਛਾਪਿਆਂ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਹਿਤ ਕਈ ਮੰਤਰੀਆਂ ਤੇ ਆਗੂਆਂ ਦੀ ਗ੍ਰਿਫਤਾਰੀ ਕਾਰਨ ਸੰਕਟ ਵਿਚੋਂ ਗੁਜ਼ਰ ਰਹੀ ਆਮ ਆਦਮੀ ਪਾਰਟੀ ਨੂੰ ਅੱਜ ਨਵੀਂ ਦਿੱਲੀ ਵਿਚ ਵੱਡਾ ਝਟਕਾ ਲੱਗਿਆ ਹੈ। ਕੇਜ਼ਰੀਵਾਲ ਦੀ ਸਰਕਾਰ ਵਿਚ ਸਮਾਜਿਕ ਕਲਿਆਣ ਰਾਜ ਮੰਤਰੀ ਰਾਜ ਕੁਮਾਰ ਅਨੰਦ ਨੇ ਮੰਤਰੀ ਦੇ ਅਹੁੱਦੇ ਦੇ ਨਾਲ-ਨਾਲ ਪਾਰਟੀ ਵੀ ਛੱਡ ਦਿੱਤੀ ਹੈ।
ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਆਪ ਉਪਰ ਗੰਭੀਰ ਦੋਸ਼ ਲਗਾਏ ਕਿ ਪਾਰਟੀ ਭ੍ਰਿਸਟਾਚਾਰ ਦੀ ਦਲਦਲ ਵਿਚ ਫ਼ਸ ਚੁੱਕੀ ਹੈ। ਉਧਰ ਆਪ ਨੇ ਪ੍ਰਤੀਕ੍ਰਿਆ ਦਿੰਦਿਆਂ ਦਾਅਵਾ ਕੀਤਾ ਹੈ ਅਨੰਦ ਈਡੀ ਦੇ ਛਾਪਿਆਂ ਤੋਂ ਡਰ ਗਏ ਹਨ। ਆਪ ਦੇ ਐਮ.ਪੀ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਸ਼੍ਰੀ ਅਨੰਦ ਈਡੀ ਦੇ ਛਾਪਿਆਂ ਤੋਂ ਡਰ ਗਏ ਹਨ ਤੇ ਬਚਣ ਦੇ ਲਈ ਭਾਜਪਾ ਦੇ ਇਸ਼ਾਰੇ ’ਤੇ ਪਾਰਟੀ ਛੱਡਣ ਦਾ ਡਰਾਮਾ ਰਚਿਆ ਹੈ।