ਨਵੀਂ ਦਿੱਲੀ, 11 ਅਪ੍ਰੈਲ: ਕਰੀਬ 20 ਦਿਨ ਪਹਿਲਾਂ ਈਡੀ ਵੱਲੋਂ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਦੇ ਮਾਮਲੇ ਚ ਹੁਣ ਸੁਪਰੀਮ ਕੋਰਟ 15 ਅਪ੍ਰੈਲ ਨੂੰ ਸੁਣਵਾਈ ਕਰੇਗੀ। ਦਿੱਲੀ ਹਾਈਕੋਰਟ ਵੱਲੋਂ ਕੇਜਰੀਵਾਲ ਦੁਆਰਾ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਉਹਨਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਦੋ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਖੜਕਾਏ ਦਰਵਾਜ਼ੇ ਵਿੱਚ ਸ੍ਰੀ ਕੇਜਰੀਵਾਲ ਦੇ ਵਕੀਲਾਂ ਨੇ ਇਸ ਮਾਮਲੇ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਇਸ ਕੇਸ ਦੀ ਸੁਣਵਾਈ 15 ਅਪ੍ਰੈਲ ਨੂੰ ਨੀਅਤ ਕੀਤੀ ਹੈ। ਗੌਰਤਲਬ ਹੈ ਕਿ 21 ਮਾਰਚ ਦੀ ਦੇਰ ਸ਼ਾਮ ਨੂੰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ਤੋਂ ਗਿਰਫਤਾਰ ਕਰ ਲਿਆ ਸੀ।
ਸ਼ੰਬੂ ਬਾਰਡਰ ‘ਤੇ ਵਾਪਰਿਆ ਵੱਡਾ ਹਾਦਸਾ, ਮਚੀ ਅਫ਼ਰਾ-ਤਫ਼ਰੀ
ਜਿਸ ਤੋਂ ਬਾਅਦ 22 ਮਾਰਚ ਨੂੰ ਅਦਾਲਤ ਅੱਗੇ ਪੇਸ਼ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਇਸ ਤੋਂ ਬਾਅਦ ਦੂਜੀ ਵਾਰ ਮੁੜ ਅਦਾਲਤ ਨੇ ਤਿੰਨ ਦਿਨਾਂ ਲਈ ਈਡੀ ਨੂੰ ਪੁਲਿਸ ਰਿਮਾਂਡ ਦਿੱਤਾ ਸੀ। ਉਸ ਤੋਂ ਬਾਅਦ ਸ੍ਰੀ ਕੇਜਰੀਵਾਲ ਨਿਆਇਕ ਹਿਰਾਸਤ ਅਧੀਨ ਤਿਹਾੜ ਜੇਲ ਵਿੱਚ ਬੰਦ ਹਨ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਭਾਜਪਾ ਉੱਪਰ ਸਿਆਸੀ ਕਿੜ ਕੱਢਣ ਲਈ ਆਪ ਆਗੂਆਂ ਦੀਆਂ ਗਿ੍ਫਤਾਰੀਆਂ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਸ੍ਰੀ ਕੇਜਰੀਵਾਲ ਵੱਲੋਂ ਆਪਣੇ ਵਕੀਲਾਂ ਰਾਹੀਂ ਈਡੀ ਦੁਆਰਾ ਕੀਤੀ ਇਸ ਕਾਰਵਾਈ ਨੂੰ ਗੈਰ ਕਾਨੂੰਨੀ ਠਹਿਰਾਉਂਦਿਆਂ ਅਦਾਲਤ ਕੋਲੋਂ ਇਨਸਾਫ ਦੀ ਮੰਗ ਕੀਤੀ ਸੀ। ਹਾਲਾਂਕਿ ਦਿੱਲੀ ਹਾਈਕੋਰਟ ਵਿੱਚ ਉਹਨਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈ ਸਕਿਆ ਪ੍ਰੰਤੂ ਹੁਣ ਸਾਰਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ‘ਤੇ ਟਿਕੀਆਂ ਹੋਈਆਂ ਹਨ।
Share the post "ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ ‘ਚ 15 ਅਪ੍ਰੈਲ ਨੂੰ ਕਰੇਗੀ ਸੁਪਰੀਮ ਕੋਰਟ ਸੁਣਵਾਈ"