ਬਠਿੰਡਾ, 20 ਅਪ੍ਰੈਲ: ਫਰੀਦਕੋਟ ਹਲਕੇ ਤੋਂ ਆਜ਼ਾਦ ਤੌਰ ’ਤੇ ਲੋਕ ਸਭਾ ਚੋਣ ਲੜਨ ਜਾ ਰਹੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੇ ਸਿੱਖਾਂ ਦੀ ਚੜ੍ਹਦੀ ਕਲਾਂ ਲਈ ਪੰਥਕ ਜਥੇਬੰਦੀਆਂ ਤੇ ਸਿਆਸੀ ਧਿਰਾਂ ਕੋਲੋਂ ਸਾਥ ਮੰਗਿਆ ਹੈ। ਸ਼ਨੀਵਾਰ ਨੂੰ ਬਠਿੰਡਾ ਪ੍ਰੈੱਸ ਕਲੱਬ ਵਿੱਚ ਇੱਕ ਪੱਤਰਕਾਰ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ‘‘ ਉਨਾਂ ਦੇ ਪਿਤਾ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਤਵੰਤ ਸਿੰਘ ਵੱਲੋਂ ਦੇਸ਼ ਦੀ ਹਕੂਮਤ ਵੱਲੋਂ 1984 ਵਿੱਚ ਦਰਬਾਰ ਸਾਹਿਬ ਉਪਰ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਵਾਉਣ ਕਾਰਨ ਹੀ ਪ੍ਰਧਾਨ ਮੰਤਰੀ ਨੂੰ ਕਤਲ ਕੀਤਾ ਸੀ ਤੇ ਬਦਲੇ ਵਿਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਉਨ੍ਹਾਂ ਦੇ ਪਿਤਾ ਨੂੰ ਮੌਕੇ ’ਤੇ ਹੀ ਸ਼ਹੀਦ ਕਰ ਦਿੱਤਾ ਸੀ ਅਤੇ ਪ੍ਰਵਾਰ ਦੀ ਮੁਖੀ ਤੋਂ ਬਾਅਦ ਪ੍ਰਵਾਰ ਨੂੰ ਵੀ ਭਾਰਤੀ ਹਕੂਮਤ ਦੇ ਵੱਡੇ ਤਸਦੱਦ ਦਾ ਸ਼ਿਕਾਰ ਹੋਣਾ ਪਿਆ ਸੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸਿੱਖ ਕੌਮ ‘ਤੇ ਇਹ ਹਮਲੇ ਅੱਜ ਵੀ ਅਸਿੱਧੇ ਢੰਗ ਨਾਲ ਜਾਰੀ ਹਨ ਤੇ ਸਿੱਖ ਨੌਜਵਾਨਾਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਸੁੱਟਿਆ ਜਾ ਚੁੱਕਿਆ ਹੈ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਸਿੱਖਾਂ ਨੂੰ ਵੀ ਹਾਲੇ ਤੱਕ ਜੇਲ੍ਹਾਂ ਵਿੱਚ ਰੱਖਿਆ ਹੋਇਆ ਹੈ।
ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ: ਢੀਂਡਸਾ ਸਮਰਥਕ ਨਹੀਂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ
ਸਰਬਜੀਤ ਸਿੰਘ ਨੇ ਕਿਹਾ ਕਿ ਪੰਥਕ ਲੀਡਰ ਖੇਰੂ ਖੇਰੂ ਹੋ ਚੁੱਕੇ ਹਨ। ਉਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਅਤੇ ਹੋਰ ਹਮ ਖਿਆਲੀ ਜਥੇਬੰਦੀਆਂ ਨੂੰ ਅਪੀਲ ਕੀਤੀ ਉਹ ਆਪੋ ਆਪਣਾ ਉਮੀਦਵਾਰ ਹਟਾ ਕੇ ਮੇਰਾ ਸਾਥ ਦੇਣ ਕਿਉਂਕਿ ਮੈਂ ਬਤੌਰ ਪੰਥਕ ਉਮੀਦਵਾਰ ਚੋਣ ਲੜ ਰਿਹਾ ਹਾਂ। ਉਹਨਾਂ ਸਿੱਖ ਜਥੇਬੰਦੀਆਂ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਭਾਈ ਰਘਵੀਰ ਸਿੰਘ ਸਮੇਤ ਤਖਤਾਂ ਦੇ ਸਮੂਹ ਜਥੇਦਾਰਾਂ ਅਤੇ ਹਮਖਿਆਲੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਲੋਕ ਤਾਂਤਰਿਕ ਢੰਗ ਨਾਲ ਲੜਾਈ ਯਾਰੀ ਰੱਖਣ ਲਈ ਉਹਨਾਂ ਦਾ ਸਾਥ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਹਨਾਂ ਨਾਲ ਗੁਰਸੇਵਕ ਸਿੰਘ ਜਵਾਹਰਕੇ ਆਦਿ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ ਅਤੇ ਹੋਰ ਪੰਥਕ ਆਗੂ ਵੀ ਮੌਜੂਦ ਰਹੇ।
Share the post "ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਨੇ ਪੰਥਕ ਧਿਰਾਂ ਕੋਲੋਂ ਫ਼ਰੀਦਕੋਟ ਲਈ ਮੰਗਿਆ ਸਾਥ"