ਬਠਿੰਡਾ, 27 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੇਂਡੂ ਸਿਹਤ ਕੇਂਦਰਾਂ ਵਿਚੋਂ ਸਟਾਫ ਨੂੰ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰ ਕੇ ਇਹਨਾਂ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਹੈ ਜਦੋਂ ਕਿ ਆਪ ਕਲੀਨਿਕ ਪੰਜਾਬੀਆਂ ਨੂੰ ਲੋੜੀਂਦੀਆਂ ਸਿਹਤ ਸੰਭਾਲ ਸਹੂਲਤਾਂ ਦੇਣ ਵਿਚ ਨਾਕਾਮ ਰਹੇ ਹਨ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਸੰਗਤ, ਭੁੱਚੋ ਅਤੇ ਗੋਨਿਆਣਾ ਮੰਡੀ ਵਿਚ ਲੋਕਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਕਲੀਨਿਕ ਵਿਚ ਆਮ ਦਵਾਈਆਂ ਵੀ ਉਪਲਬਧ ਨਹੀਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਹਸਪਤਾਲਾਂ ਵਿਚ ਸੁਪਰ ਸਪੈਸ਼ਲਟੀ ਸਿਹਤ ਸੇਵਾਵਾਂ ਅਤੇ ਸੂਬੇ ਵਿਚ 16 ਮੈਡੀਕਲ ਕਾਲਜ ਸਥਾਪਿਤ ਕਰਨ ਦੀ ਗੱਲ ਕਰਦੀ ਸੀ ਪਰ ਇਹ ਲੋਕਾਂ ਨੂੰ ਆਮ ਦਵਾਈਆਂ ਦੇਣ ਵਾਸਤੇ ਛੋਟੇ ਕਲੀਨਿਕ ਸਥਾਪਿਤ ਕਰਨ ਵਿਚ ਵੀ ਨਾਕਾਮ ਰਹੀ ਹੈ।
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦਾ ਅਸਤੀਫ਼ਾ
ਗੋਨਿਆਣਾ ਮੰਡੀ ਵਿਖੇ ਲੋਕਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਕਿਵੇਂ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਵਿਚੋਂ ਉਹਨਾਂ ਦੇ ਨਾਂ ਕੱਟ ਦਿੱਤੇ ਗਏ। ਸ: ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਪੰਜਾਬੀ ਆਪ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਬਰਬਾਦ ਕਰਨ ਤੋਂ ਔਖੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਵੱਲੋਂ ਹੋਰ ਰਾਜਾਂ ਵਿਚ ਚੋਣ ਪ੍ਰਚਾਰ ਕਰਨ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪੰਜਾਬ ਦੇ ਸਿਰ 1000 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਦਾ ਖਰਚਾ ਪਾਇਆ ਗਿਆ ਹੈ। ਇਸ ਦੌਰਾਨ ਪ੍ਰਕਾਸ਼ ਭੱਟੀ, ਮੋਹਿਤ ਗੁਪਤਾ, ਬਲਕਾਰ ਬਰਾੜ, ਜਗਸੀਰ ਕਲਿਆਣ ਤੇ ਮਾਨ ਸਿੰਘ ਗੁਰੂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੌਜੂਦ ਸਨ।
Share the post "ਆਪ ਸਰਕਾਰ ਨੇ ਪੇਂਡੂ ਸਿਹਤ ਸੰਭਾਲ ਸੇਵਾਵਾਂ ਤਬਾਹ ਕੀਤੀਆਂ: ਸੁਖਬੀਰ ਸਿੰਘ ਬਾਦਲ"