ਪਟਿਆਲਾ, 4 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਬੀਤੇ ਕੱਲ ਮੁੜ ਮੀਟਿੰਗ ਕੀਤੇ ਜਾਣ ਦੀ ਸੂਚਨਾ ਹੈ। ਪਟਿਆਲਾ ਸਥਿਤ ਸਿੱਧੂ ਦੇ ਘਰ ਵਿਖੇ ਦੁਪਹਿਰ ਦੇ ਖਾਣੇ ‘ਤੇ ਇਕੱਤਰ ਹੋਏ ਕਰੀਬ ਇੱਕ ਦਰਜਨ ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਇਸ ਮੌਕੇ ਅਗਾਮੀ ਰਣਨੀਤੀ ਸਬੰਧੀ ਚਰਚਾ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।ਪਾਰਟੀ ਆਗੂਆਂ ਮੁਤਾਬਕ ਮੀਟਿੰਗ ਦੇ ਵਿੱਚ ਇੱਕ ਜੁੱਟ ਰਹਿਣ ਦਾ ਸੱਦਾ ਦਿੰਦਿਆਂ ਇਸ ਗੱਲ ਦਾ ਵੀ ਅਹਿਦ ਲਿਆ ਗਿਆ ਕਿ ਬਿਨਾਂ ਕਾਂਗਰਸ ਦੀ ਕੌਮੀ ਲੀਡਰਸ਼ਿਪ ਵੱਲੋਂ ਥਾਪੜਾ ਦਿੱਤੇ ਸਿੱਧੂ ਧੜਾ ਲੋਕ ਸਭਾ ਚੋਣਾਂ ਦੇ ਦੌਰਾਨ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਨਹੀਂ ਨਿਕਲੇਗਾ।
ਸੁਰਿੰਦਰਪਾਲ ਸਿਬੀਆਂ ਬਣੇ ਸੰਗਰੂਰ ਜ਼ਿਲ੍ਹੇ ਦੇ ਕਾਂਗਰਸ ਪ੍ਰਧਾਨ
ਇਸ ਤੋਂ ਇਲਾਵਾ ਇਹ ਵੀ ਫੈਸਲਾ ਲਏ ਜਾਣ ਦੀ ਸੂਚਨਾ ਹੈ ਕਿ ਪਿਛਲੇ ਸਮੇਂ ਦੌਰਾਨ ਸਿੱਧੂ ਧੜੇ ਦੇ ਪਾਰਟੀ ਵਿਚੋਂ ਕੱਢੇ ਅਤੇ ਮੁਅੱਤਲ ਕੀਤੇ ਗਏ ਆਗੂਆਂ ਦੀ ਪਾਰਟੀ ਵਿੱਚ ਬਹਾਲੀ ਵੀ ਪੰਜਾਬ ਲੀਡਰਸ਼ਿਪ ਦੇ ਹੱਥੋਂ ਨਹੀਂ ਕਰਵਾਈ ਜਾਵੇਗੀ। ਦੱਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਅੱਧਾ ਦਰਜਨ ਦੇ ਕਰੀਬ ਸਿੱਧੂ ਧੜੇ ਦੇ ਆਗੂ ਪਾਰਟੀ ਵਿੱਚੋਂ ਮੁਅੱਤਲ ਚੱਲ ਰਹੇ ਹਨ ਜਿਨਾਂ ਦੇ ਵਿੱਚੋਂ ਸੁਰਜੀਤ ਸਿੰਘ ਧੀਮਾਨ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਹਰਵਿੰਦਰ ਸਿੰਘ ਲਾਡੀ, ਸ਼ੈਰੀ ਰਿਆੜ ਅਤੇ ਸ੍ਰੀ ਅਟਵਾਲ ਆਦਿ ਆਗੂ ਸ਼ਾਮਲ ਹਨ। ਹਾਲਾਂਕਿ ਸੰਪਰਕ ਕਰਨ ‘ਤੇ ਇਸ ਧੜੇ ਦੇ ਕੁਝ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਸਿਰਫ ਬੀਬੀ ਨਵਜੋਤ ਕੌਰ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਗਏ ਹੋਏ ਸਨ ਤੇ ਇਸ ਮੌਕੇ ਕੋਈ ਸਿਆਸੀ ਗੱਲਬਾਤ ਨਹੀਂ ਹੋਈ।