ਮਾਨਸਾ, 9 ਮਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਤਹਿਤ ਕੰਮ ਕਰ ਰਹੇ ਹਨ ਅਤੇ ਹੁਣ ਉਹ ਪੰਜਾਬ ਨਾਲ ਦਗਾ ਕਰਨ ਦੀ ਤਿਆਰੀ ਵਿਚ ਹਨ ਤੇ ਰਿਪੋਰਟ ਬਣਾ ਕੇ ਦੱਸਣਯੋਗ ਕਿ ਪੰਜਾਬ ਕੋਲ ਵਾਧੂ ਪਾਣੀ ਹੈ ਜੋ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ। ਬਠਿੰਡਾ ਦੇ ਐਮ ਪੀ ਜਿਹਨਾਂ ਨੇ ਇਸ ਵਿਧਾਨ ਸਭਾ ਹਲਕੇ ਵਿਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਭਗਵੰਤ ਮਾਨ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਨੂੰ ਵੀ ਅਰਵਿੰਦ ਕੇਜਰੀਵਾਲ ਵਾਂਗੂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਪੈਰਾਂ ’ਤੇ ਡਿੱਗ ਪਏ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਵਾਂਗੂ ਪੰਜਾਬ ਸਰਕਾਰ ਨੇ ਵੀ ਉਹੀ ਆਬਕਾਰੀ ਨੀਤੀ ਲਾਗੂ ਕੀਤੀ ਹੈ ਤੇ ਉਹਨਾਂ ਹੀ ਸ਼ਰਾਬ ਕੰਪਨੀਆਂ ਨੂੰ ਲਾਇਸੰਸ ਦਿੱਤੇ ਹਨ ਜਿਹਨਾਂ ਨੂੰ ਦਿੱਲੀ ਵਿਚ ਲਾਭ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਦਾ ਹੁਣ ਭਗਵੰਤ ਮਾਨ ’ਤੇ ਪੂਰਾ ਕੰਟਰੋਲ ਹੈ ਤੇ ਉਹ ਹੁਣ ਅਜਿਹਾ ਸਰਵੇ ਤਿਆਰ ਕਰ ਰਹੇ ਹਨ ਜਿਸ ਵਿਚ ਦੱਸਿਆ ਜਾਵੇਗਾ ਕਿ ਪੰਜਾਬ ਕੋਲ ਪਾਣੀ ਵਾਧੂ ਹੈ ਜੋ ਹਰਿਆਣਾ ਨੂੰ ਦਿੱਤਾ ਜਾ ਸਕਦਾ ਹੈ।
ਖਹਿਰਾ ਤੇ ਮਜੀਠੀਆ ਨੇ CM ਮਾਨ ‘ਤੇ ਲਗਾਏ ਬੇਅਦਬੀ ਦੇ ਦੋਸ਼
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਦੇ ਵੀ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਆਉਂਦੀਆਂ ਸੰਸਦੀ ਚੋਣਾਂ ਵਿਚ ਆਪਣੇ ਪ੍ਰਤੀਨਿਧ ਬਹੁਤ ਧਿਆਨ ਨਾਲ ਚੁਣੋ। ਤੁਹਾਨੂੰ ਸਿਰਫ ਉਹ ਲੋਕ ਹੀ ਚੁਣਨੇ ਚਾਹੀਦੇ ਹਨ ਜੋ ਸੰਸਦ ਵਿਚ ਪ੍ਰਭਾਵਸ਼ਾਲੀ ਰੂਪ ਵਿਚ ਤੁਹਾਡੀ ਆਵਾਜ਼ ਬਣ ਸਕਣ।
ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਵੇਂ ਸੂਬੇ ਨੂੰ ਕੰਗਾਲ ਕੀਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਕੱਲੇ ਦੋ ਸਾਲਾਂ ਵਿਚ ਹੀ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਅਤੇ ਸੂਬੇ ਸਿਰ ਕਰਜ਼ਾ ਵੱਧ ਕੇ 3.75 ਲੱਖ ਕਰੋੜ ਰੁਪਏ ਹੋ ਗਿਆ ਹੈ। ਉਹਨਾਂ ਕਿਹਾ ਕਿ ਇੰਨਾ ਭਾਰੀ ਕਰਜ਼ਾ ਲੈਣ ਦੇ ਬਾਵਜੂਦ ਸਰਕਾਰ ਕੋਲ ਵਿਖਾਉਣ ਲਈ ਕੱਖ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਪੈਸਾ ਕੇਜਰੀਵਾਲ ਦੇ ਹੋਰ ਰਾਜਾਂ ਵਿਚ ਪ੍ਰਚਾਰ, ਇਸ਼ਤਿਹਾਰਬਾਜ਼ੀ ਤੇ ਪਬਲੀਸਿਟੀ ਸਟੰਟ ’ਤੇ ਬਰਬਾਦ ਕੀਤਾ ਜਾ ਰਿਹਾ ਹੈ।
ਮੋਹਾਲੀ ‘ਚ ਪੁਲਿਸ ‘ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋ+ਲੀਆਂ
ਆਪਣੀ ਚੋਣ ਮੁਹਿੰਮ ਦੌਰਾਨ ਮਹਿਲਾਵਾਂ ਨਾਲ ਮੁਲਾਕਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਰਸਾਇਣਕ ਨਸ਼ੇ ਹੁਣ ਹਰ ਪਿੰਡ ਵਿਚ ਹਰ ਪਾਸੇ ਵੜ੍ਹ ਗਏ ਹਨ। ਉਹਨਾਂ ਕਿਹਾ ਕਿ ਕੀ ਤੁਸੀਂ ਪਹਿਲਾਂ ’ਚਿੱਟੇ’ ਦਾ ਨਾਂ ਸੁਣਿਆ ਸੀ? ਉਹਨਾਂ ਕਿਹਾ ਕਿ ਹੁਣ ਖ਼ਤਰਨਾਕ ਨਸ਼ਿਆਂ ਦੀ ਹੋਮ ਡਲੀਵਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਆਪ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਪੁਲਿਸ ਨੂੰ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਤੋਂ ਰੋਕ ਰਹੇ ਹਨ। ਸਰਦਾਰਨੀ ਬਾਦਲ ਨੇ ਲੋਕਾਂ ਨੂੰ ਆਪ-ਕਾਂਗਰਸ ਗਠਜੋੜ ਬਾਰੇ ਵੀ ਚੌਕਸ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ 2017-22 ਦੇ ਆਪਣੇ ਰਾਜਕਾਲ ਵਿਚ ਪੰਜਾਬ ਨੂੰ ਬਰਬਾਦ ਕੀਤਾ ਤੇ ਫਿਰ ਪੰਜਾਬੀਆਂ ਨੂੰ ਮੂਰਖ ਬਣਾਉਣ ਲਈ ਹੁਣ ਆਮ ਆਦਮੀ ਪਾਰਟੀ (ਆਪ) ਨਾਲ ਰਲ ਗਈ ਹੈ।
ਟਿਊਬਵੈਲ ਦਾ ਪਾਣੀ ਪੀਣ ਕਰਕੇ 18 ਮੱਝਾ ਦੀ ਮੌਤ
ਉਹਨਾਂ ਨੇ ਲੋਕਾਂ ਨੂੰ ਆਖਿਆ ਕਿ ਉਹ ਇਹਨਾਂ ਪਾਰਟੀਆਂ ਨੂੰ ਠੁਕਰਾ ਦੇਣ ਕਿਉਂਕਿ ਇਹਨਾਂ ਨੂੰ ਕਿਸਾਨਾਂ, ਨੌਜਵਾਨਾਂ, ਵਪਾਰ ਤੇ ਉਦਯੋਗ ਨਾਲ ਕੋਈ ਸਰੋਕਾਰ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨੀ ਕਰਜ਼ੇ ਮੁਆਫ ਕਰਨ ਦੇ ਵਾਅਦੇ ਤੋਂ ਭੱਜ ਗਈ ਤੇ ਆਪ ਸਰਕਾਰ ਆਪਣੇ ਵਾਅਦੇ ਅਨੁਸਾਰ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੋਂ ਭੱਜ ਗਈ। ਪਿਛਲੀ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਤਿੰਨ ਲੱਖ ਨੌਕਰੀਆਂ ਦਿੱਤੀਆਂ। ਅਸੀਂ 70 ਹਜ਼ਾਰ ਅਧਿਆਪਕ ਭਰਤੀ ਕੀਤੇ। ਇਹ ਸਾਰੀ ਭਰਤੀ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਸਰਕਾਰ ਨੇ ਦੋ ਸਾਲਾਂ ਵਿਚ ਕੁਝ ਹਜ਼ਾਰਾਂ ਲੋਕਾਂ ਨੂੰ ਭਰਤੀ ਕੀਤਾ ਹੈ ਤੇ ਭਰਤੀ ਵਿਚ ਬੇਨਿਯਮੀਆਂ ਤੇ ਨੌਕਰੀਆਂ ਦਿੱਲੀ ਦੇ ਮੁੱਖ ਮੰਤਰੀ ਦੇ ਕਹਿਣ ’ਤੇ ਪੰਜਾਬ ਤੋਂ ਬਾਹਰਲਿਆਂ ਨੂੰ ਦੇਣ ਦੇ ਦੋਸ਼ ਲੱਗ ਰਹੇ ਹਨ।
Share the post "ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਿਰਦੇਸ਼ਾਂ ਤਹਿਤ ਕਰ ਰਹੇ ਨੇ ਕੰਮ: ਹਰਸਿਮਰਤ ਕੌਰ ਬਾਦਲ"