ਬਠਿੰਡਾ ’ਚ ਪੈਂਦੇ ਸਮੂਹ ਟੋਲ ਪਲਾਜ਼ਿਆਂ ਤੋਂ ਇਲਾਵਾ ਮੁੱਖ ਸੜਕਾਂ ਕੀਤੀਆਂ ਜਾਮ
ਸੁਖਜਿੰਦਰ ਮਾਨ
ਬਠਿੰਡਾ, 29 ਅਸਗਤ -ਬੀਤੇ ਕੱਲ ਹਰਿਆਣਾ ਦੇ ਕਰਨਾਲ ਸ਼ਹਿਰ ਨਜਦੀਕ ਟੋਲ ਪਲਾਜ਼ੇ ਨਜਦੀਕ ਭਾਜਪਾ ਆਗੂਆਂ ਦਾ ਵਿਰੋਧ ਕਰਨ ਆਏ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਲਾਠੀਚਾਰਜ਼ ਦੇ ਵਿਰੋਧ ਵਿਚ ਅੱਜ ਪੰਜਾਬ ਦੇ ਕਿਸਾਨਾਂ ’ਚ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਅੱਜ ਪੰਜਾਬ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਸ ਲਾਠੀਚਾਰਜ਼ ਖਿਲਾਫ਼ ਨਾ ਸਿਰਫ਼ ਮੋਦੀ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ, ਬਲਕਿ ਬਠਿੰਡਾ ਵਿਚ ਪੈਂਦੇ ਸਮੂਹ ਟੋਲ ਪਲਾਜ਼ਿਆਂ ਤੋਂ ਇਲਾਵਾ ਮੁੱਖ ਮਾਰਗਾਂ ਨੂੰ ਦੋ ਘੰਟਿਆਂ ਲਈ ਜਾਮ ਵੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ 7 ਥਾਵਾਂ ਬਠਿੰਡਾ ਚੰਡੀਗੜ੍ਹ ਰੋਡ ’ਤੇ ਰਿਲਾਇੰਸ ਪੰਪ ਕੋਲ ਰਾਮਪੁਰਾ, ਬਠਿੰਡਾ ਚੰਡੀਗੜ੍ਹ ਰੋਡ ’ਤੇ ਟੋਲ ਪਲਾਜਾ ਲਹਿਰਾ ਬੇਗਾ , ਬਠਿੰਡਾ-ਗਿੱਦੜਬਾਹਾ ਰੋਡ ‘ਤੇ ਬਲੂਆਣਾ ,ਬਠਿੰਡਾ ਬਾਦਲ ਰੋਡ ’ਤੇ ਘੁੱਦਾ , ਬਠਿੰਡਾ ਅੰਮਿ੍ਰਤਸਰ ਰੋਡ ‘ਤੇ ਜੀਦਾ ਟੋਲ ਪਲਾਜਾ , ਬਠਿੰਡਾ ਮਾਨਸਾ ਰੋਡ ’ਤੇ ਮਾਈਸਰਖਾਨਾ ਅਤੇ ਬਠਿੰਡਾ-ਸਰਦੂਲਗੜ੍ਹ ਰੋਡ ’ਤੇ ਤਲਵੰਡੀ ਸਾਬੋ ਵਿਖੇ 12 ਤੋਂ 2 ਵਜੇ ਤੱਕ ਦੋ ਘੰਟੇ ਸੜਕ ਜਾਮ ਕੀਤੀ । ਜਾਮਾਂ ਤੋਂ ਇਲਾਵਾ ਜਿਲੇ ਦੇ 40 ਤੋਂ ਵੱਧ ਪਿੰਡਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਅਰਥੀਆਂ ਸਾੜੀਆਂ। ਅੱਜ ਦੇ ਮੁੱਖ ਬੁਲਾਰਿਆਂ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ,ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ , ਔਰਤ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ,ਜਗਸੀਰ ਸਿੰਘ ਝੁੰਬਾ, ਦਰਸ਼ਨ ਸਿੰਘ ਮਾਈਸਰਖਾਨਾ , ਜਗਦੇਵ ਸਿੰਘ ਜੋਗੇਵਾਲਾ ਕੁਲਵੰਤ ਸ਼ਰਮਾ ਰਾਏਕੇ ਕਲਾਂ ਅਤੇ ਜਸਪਾਲ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ ਵਿੱਚ ਭਾਜਪਾ ਮੰਤਰੀਆਂ ਅਤੇ ਆਗੂਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ । ਕੱਲ੍ਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿਖੇ ਕਿਸੇ ਮੀਟਿੰਗ ਵਿੱਚ ਆਉਣਾ ਸੀ ਤਾਂ ਉਸ ਦਾ ਸ਼ਾਂਤਮਈ ਵਿਰੋਧ ਕਰਨ ਲਈ ਉਸ ਦੇ ਨੇਡੇ ਘਰੌਂਦਾ ਟੋਲ ਪਲਾਜ਼ਾ ’ਤੇ ਕਿਸਾਨ ਇਕੱਠੇ ਹੋ ਰਹੇ ਸਨ ਜਿਨ੍ਹਾਂ ਤੇ ਹਰਿਆਣਾ ਸਰਕਾਰ ਦੇ ਆਦੇਸ਼ਾਂ ‘ਤੇ ਪੁਲੀਸ ਵੱਲੋਂ ਅੰਨ੍ਹੇਵਾਹ ਵਹਿਸ਼ੀਆਨਾ ਢੰਗ ਨਾਲ ਲਾਠੀਚਾਰਜ ਕੀਤਾ। ਜਿਸ ਨਾਲ ਕਿਸਾਨ ਕਾਫੀ ਗਿਣਤੀ ਵਿਚ ਗੰਭੀਰ ਫੱਟੜ ਹੋ ਗਏ। ਬੁਲਾਰਿਆਂ ਨੇ ਭਾਜਪਾ ਸਰਕਾਰ ਦੇ ਇਸ ਵਹਿਸ਼ੀਆਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਲਾਠੀਚਾਰਜ ਕਰਕੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਦੋਸ਼ੀ ਐੱਸ ਡੀ ਐਮ ਕਰਨਾਲ ਨੂੰ ਬਰਖਾਸਤ ਕੀਤਾ ਜਾਵੇ , ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ,ਜ਼ਖ਼ਮੀ ਕਿਸਾਨਾਂ ਦਾ ਚੰਗੇ ਹਸਪਤਾਲ ਤੋਂ ਮੁਫ਼ਤ ਇਲਾਜ ਕਰਵਾਇਆ ਜਾਵੇ ਅਤੇ ਗਿ੍ਰਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਬੁਲਾਰਿਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕੱਲ ਜਲਿਆਂਵਾਲਾ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਕਿਸਾਨਾਂ ,ਨੌਜਵਾਨਾਂ ਤੇ ਕੀਤੇ ਲਾਠੀਚਾਰਜ ਅਤੇ ਗਿ੍ਰਫਤਾਰੀਆਂ ਦੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਭਾਜਪਾ ਦੇ ਮੰਤਰੀਆਂ ਅਤੇ ਆਗੂਆਂ ਦਾ ਵਿਰੋਧ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ। ਇਸ ਮੌਕੇ ਸੁਖਦੇਵ ਸਿੰਘ ਰਾਮਪੁਰਾ ,ਬਲਜੀਤ ਸਿੰਘ ਪੂਹਲਾ,ਅਮਰੀਕ ਸਿੰਘ ਸਿਵੀਆਂ, ਅਜੈਪਾਲ ਸਿੰਘ ਘੁੱਦਾ , ਨੌਜਵਾਨ ਭਾਰਤ ਸਭਾ ਦੇ ਆਗੂ ਅਸਵਨੀ ਘੁੱਦਾ, ਡੀ ਟੀ ਐਫ ਦੇ ਆਗੂ ਕੁਲਵਿੰਦਰ ਸਿੰਘ , ਪੰਜਾਬ ਖੇਤ ਮਜਦੂਰ ਦੇ ਆਗੂ ਗੁਰਦਿੱਤ ਸਿੰਘ ,ਪੀ ਐੱਸ ਯੂ ਸਹੀਦ ਰੰਧਾਵਾ ਦੇ ਆਗੂ ਅਮੀਤੋਜ ਮੌੜ,ਲਹਿਰਾ ਥਰਮਲ ਦੇ ਠੇਕਾ ਕਾਮੇ ਰਘਵੀਰ ਸਿੰਘ ,ਦਿਹਾਤੀ ਮਜਦੂਰ ਸਭਾ ਦੇ ਆਗੂ ਮਿੱਠੂ ਸਿੰਘ ਅਤੇ ਸਪੋਰਟਸ ਸਕੂਲ ਘੁੱਦਾ ਦੇ ਮੁਲਾਜਮ ਗਗਨਦੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਕਰਨਾਲ ’ਚ ਲਾਠੀਚਾਰਜ਼ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਫੁੱਟਿਆ ਗੁੱਸਾ
11 Views