ਬਠਿੰਡਾ ’ਚ ਰਹਿੰਦਿਆਂ ਸੇਖੋ ਤੇ ਮਲੂਕਾ ਦੇ ਨਹੀਂ ਸਨ ਸੁਖਾਵੇਂ ਸਬੰਧ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਕਰੀਬ ਦਸ ਸਾਲ ਵਿਧਾਨ ਸਭਾ ਹਲਕਾ ਮੌੜ ਤੋਂ ਨੁਮਾਇੰਦਗੀ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸੁਖਾਵੇਂ ਸਬੰਧ ਨਾ ਹੋਣ ਕਾਰਨ ਚਰਚਾ ਵਿਚ ਰਹੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਅੱਜ ਅਪਣੇ ਪੁਰਾਣੇ ਹਲਕੇ ਤੋਂ ਅਕਾਲੀ ਦਲ ਵਲੋਂ ਉਤਾਰੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿਚ ਡਟ ਗਏ ਹਨ। ਸਾਬਕਾ ਐਮ.ਪੀ ਬਰਾੜ ਦੀ ਧਮਾਕੇਦਾਰ ‘ਇੰਟਰੀ’ ਕਰਵਾਉਂਦਿਆਂ ਸ: ਸੇਖੋ ਨੇ ਅਪਣੇ ਸਾਰੇ ਸਮਰਥਕਾਂ ਨੂੰ ਪਾਰਟੀ ਵਲੋਂ ਐਲਾਨੇ ਉਮੀਦਵਾਰ ਦੀ ਡਟ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਖੁਦ ਸਿਕੰਦਰ ਸਿੰਘ ਮਲੂਕਾ ਨੂੰ ਅਪਣੇ ਹੱਥੀ ਹਲਕੇ ਦੀ ਕਮਾਂਡ ਸੋਂਪਣ ਵਾਲੇ ਜਨਮੇਜਾ ਸਿੰਘ ਸੇਖੋ ਨੇ ਹੁਣ ਬਰਾੜ ਦੀ ਇਮਦਾਦ ’ਤੇ ਆ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ ਹਨ। ਸਿਆਸੀ ਮਾਹਰਾਂ ਮੁਤਾਬਕ ਅਜਿਹਾ ਕਰਕੇ ਉਹ ਨਾ ਸਿਰਫ਼ ਇਕ ਸਾਬਕਾ ਵਿਧਾਇਕ ਨੂੰ ਇਸ ਹਲਕੇ ਤੋਂ ਦੂਰ ਰੱਖਣ ਵਿਚ ਸਫ਼ਲ ਹੋ ਗਏ ਹਨ ਬਲਕਿ ਮੋੜ ਹਲਕੇ ’ਚ ਅਪਣੇ ਸਿਆਸੀ ਸਫ਼ਰ ਦੌਰਾਨ ਮਲੂਕਾ ਸਮਰਥਕਾਂ ਤੋਂ ਪ੍ਰੇਸ਼ਾਨ ਰਹੇ ਇਸ ਸਾਬਕਾ ਮੰਤਰੀ ਨੇ ਹੁਣ ਉਨ੍ਹਾਂ ਦੇ ‘ਬੋਸ’ ਨੂੰ ਚਿੱਤ ਕਰਕੇ ਰੱਖ ਦਿੱਤਾ ਹੈ। ਜਿਕਰਯੋਗ ਹੈ ਕਿ ਇਸ ਹਲਕੇ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਡੇ ਦਾਅਵੇਦਾਰ ਸਨ, ਜਿੰਨ੍ਹਾਂ ਨੂੰ ਪਾਰਟੀ ਵਲੋਂ ਪੁਰਾਣੇ ਹਲਕਾ ਰਾਮਪੁਰਾ ਫ਼ੂਲ ਤੋਂ ਦਿੱਤੀ ਟਿਕਟ ‘ਤੇ ਚੋਣ ਨਾ ਲੜਣ ਦਾ ਐਲਾਨ ਕਰਕੇ ਖੁੱਲੇ ਤੌਰ ’ਤੇ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ। ਅਜਿਹੀ ਹਾਲਾਤ ਵਿਚ ਸੇਖੋ ਦੀ ਖੁੱਲੀ ਇਮਦਾਦ ਨਾਲ ਜਗਮੀਤ ਬਰਾੜ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਅੱਜ ਸਾਬਕਾ ਮੰਤਰੀ ਸੇਖੋਂ ਨੂੰ ਨਾਲ ਲੈ ਕੇ ਦੁਰਗਾ ਮੰਦਰ ਮਾਈਸਰਖਾਨਾ ਅਤੇ ਗੁਰਦੁਆਰਾ ਤਿੱਤਰਸਰ ਸਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਮੁਹਿੰਮ ਵਿੱਢੀ ਹੈ। ਇਸ ਮੌਕੇ ਜਿੱਥੇ ਸੇਖੋਂ ਧੜਾ ਵੱਡੀ ਗਿਣਤੀ ’ਚ ਪਹੁੰਚਿਆ ਸੀ, ਪ੍ਰੰਤੂ ਮਲੂਕਾ ਧੜੇ ਨਾਲ ਸਬੰਧਿਤ ਮੰਨੇ ਜਾਂਦੇ ਕਈ ਸਰਕਲ ਜਥੇਦਾਰ ਤੇ ਹੋਰ ਆਗੂ ਗੈਰ ਹਾਜ਼ਰ ਰਹੇ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਹਲਕਾ ਮੌੜ ਦੇ ਇੰਚਾਰਜ ਦੁਸਿਹਰਾ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਜਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ,ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਹਰਦਿਆਲ ਸਿੰਘ ਮਿੱਠੂ ਚਾਓੁਕੇ, ਹਰਜਿੰਦਰ ਸਿੰਘ ਕੱਪੀ ਸਾਬਕਾ ਮੀਤ ਪ੍ਰਧਾਨ, ਗਿਆਨ ਸਿੰਘ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਜਿਲ੍ਹਾ ਯੂਥ ਦੇ ਪ੍ਰਧਾਨ ਸੰਦੀਪ ਸਿੰਘ ਬਾਠ ਸਹਿਤ ਦਰਜ਼ਨਾਂ ਦੀ ਤਾਦਾਦ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।
ਸਾਬਕਾ ਮੰਤਰੀ ਜਨਮੇਜਾ ਸੇਖੋ ਮੋੜ ਤੋਂ ਜਗਮੀਤ ਬਰਾੜ ਦੇ ਹੱਕ ’ਚ ਡਟੇ
12 Views