Punjabi Khabarsaar
ਪੰਜਾਬ

ਆਪ ਨੂੰ ਮਹਿੰਗੀ ਪੈ ਸਕਦੀ ਹੈ ‘ਭਗਵੰਤ ਮਾਨ’ ਦੀ ਨਾਰਾਜ਼ਗੀ

ਪਿਛਲੀ ਵਾਰ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਕਾਰਨ ਹੋਇਆ ਸੀ ਪਾਰਟੀ ਦਾ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ,05 ਸਤੰਬਰ : ਦਿੱਲੀ ਤੋਂ ਬਾਅਦ ਪੰਜਾਬ ’ਚ ਸੱਤਾ ਹਾਸਲ ਕਰਨ ਲਈ ਪਿਛਲੇ ਅੱਠ ਨੌਂ ਸਾਲਾਂ ਤੋਂ ਭੱਜ ਦੌੜ ਕਰ ਰਹੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਐਨ ਚੋਣਾਂ ਮੌਕੇ ਪੈਦਾ ਹੋਈ ਨਾਰਾਜ਼ਗੀ ਮਹਿੰਗੀ ਪੈ ਸਕਦੀ ਹੈ। ਪਿਛਲੀ ਵਾਰ ਦੀ ਤਰ੍ਹਾਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਕਾਰਨ ਪਾਰਟੀ ਵਰਕਰਾਂ ਚ ਭਾਰੀ ਨਿਰਾਸ਼ਤਾ ਦੇਖੀ ਜਾ ਰਹੀ ਹੈ। ਸੂਬੇ ਦੇ ਲੋਕ ਵੀ ਪਾਰਟੀ ਵੱਲੋਂ ਪੰਜਾਬ ਦੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਲਈ ਲਿਆਂਦੇ ਜਾਣ ਵਾਲੇ ‘ਮਲਾਹ’ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਜਦੋਂਕਿ ਪਾਰਟੀ ਦੇ ਦਿੱਲੀ ਵਾਲੇ ਆਗੂ ਦੂਜੀਆਂ ਪਾਰਟੀਆਂ ਤੋਂ ਇਲਾਵਾ ਸਮਾਜ ਸੇਵਾ ’ਚ ਵਿਚਰ ਰਹੇ ਚਿਹਰਿਆਂ ਨੂੰ ਮਨਾਉਣ ਵਿਚ ਲੱਗੇ ਹੋਏ ਹਨ। ਚਰਚਾ ਮੁਤਾਬਕ ਸੂਬੇ ਦੀਆਂ ਰਵਾਇਤੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਬੇਸ਼ੱਕ ਸੂਬੇ ਦੇ ਵੋਟਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਸਕਦੇ ਹਨ ਪ੍ਰੰਤੂ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਲੋਕਾਂ ਦਾ ਪਲੜਾ ਇਸ ਪਾਰਟੀ ਵੱਲ ਝੁਕਣਾ ਮੁਸ਼ਕਲ ਜਾਪਦਾ ਹੈ। ਬੇਸ਼ੱਕ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਹਿਤ ਜਿਆਦਾਤਰ ਆਗੂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਦਾ ਕਈ ਵਾਰ ਦਾਅਵਾ ਕਰ ਚੁੱਕੇ ਹਨ ਪ੍ਰੰਤੂ ਹੁਣ ਜਦ ਦੂਜੀਆਂ ਪਾਰਟੀਆਂ ਦੀ ਸਥਿਤੀ ਸਾਫ ਹੁੰਦੀ ਜਾ ਰਹੀ ਹੈ ਅਜਿਹੀ ਹਾਲਤ ਵਿੱਚ ਆਪ ਦਾ ਪਿੱਛੇ ਰਹਿਣਾ ਇਸ ਨੂੰ ਸਿਆਸੀ ਤੌਰ ‘ਤੇ ਨੁਕਸਾਨ ਪਹੁੰਚਾ ਸਕਦਾ ਹੈ। ਗੈਰ ਰਸਮੀ ਗੱਲਬਾਤ ਦੌਰਾਨ ਪਾਰਟੀ ਦੇ ਜਿਆਦਾਤਰ ਵਿਧਾਇਕ ਅਤੇ ਦੂਜੀ ਕਤਾਰ ਦੇ ਆਗੂ ਇਸ ਗੱਲ ਨਾਲ ਸਹਿਮਤ ਹਨ ਕਿ ਪਾਰਟੀ ਨੂੰ ਹੁਣ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ। ਪਾਰਟੀ ਦੇ ਇੱਕ ਆਗੂ ਦਾ ਮੰਨਣਾ ਸੀ ਕਿ ਬੇਸ਼ੱਕ ਪਾਰਟੀ ਆਗੂਆਂ ਵਲੋਂ ਦਿੱਲੀ ਵਿਚ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਨੂੰ ਪ੍ਰਚਾਰਿਆਂ ਜਾ ਰਿਹਾ ਹੈ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਅੰਦਰ ਵੋਟਾਂ ਜਿੱਤਣ ਵਾਲੀ ਪਾਰਟੀ ਵਲੋਂ ਪੇਸ਼ ਕੀਤੇ ਜਾਣ ਵਾਲੇ ਮੁੱਖ ਮੰਤਰੀ ਚਿਹਰੇ ਦੇ ਨਾਂ ਵੋਟਾਂ ਪੈਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਸਦੀ ਵੱਡੀ ਉਦਾਹਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਹਨ, ਜਿਸ ਵਿਚ ਕਾਂਗਰਸ ਪਾਰਟੀ ਨਹੀਂ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਸੱਤਾ ਹਾਸਲ ਹੋਈ ਸੀ। ਜਦੋਂਕਿ ਅਕਾਲੀ ਦਲ ਨੂੰ ਇਸਦੀ ਅਗਵਾਈ ਕਰ ਰਹੇ ਬਾਦਲ ਪ੍ਰਵਾਰ ਕਾਰਨ ਤੀਜ਼ੇ ਥਾਂ ’ਤੇ ਆਉਣਾ ਪਿਆ ਸੀ। ਸੂਬੇ ਦੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਆਧਾਰ ਰੱਖਣ ਵਾਲੇ ਆਗੂਆਂ ਨੂੰ ਖੂੰਜੇ ਲਗਾਉਣਾ ਆਪ ਨੂੰ ਮੁੜ ਮਹਿੰਗਾ ਪੈ ਸਕਦਾ ਹੈ। ਪਿਛਲੀ ਵਾਰ ਚੋਣਾਂ ਤੋਂ ਐਨ ਪਹਿਲਾਂ ਸੁੱਚਾ ਸਿੰਘ ਛੋਟੇਪੁਰ, ਡਾ ਧਰਮਵੀਰ ਗਾਂਧੀ ਤੇ ਹੋਰਨਾਂ ਦੇ ਕੀਤੇ ਹਸ਼ਰ ਦਾ ਪੰਜਾਬੀਆਂ ਨੇ ਬੁਰਾ ਮਨਾਇਆ ਸੀ। ਪ੍ਰੰਤੂ ਪਾਰਟੀ ਇਸਤੋਂ ਸਬਕ ਲੈਣ ਦੀ ਬਜ਼ਾਏ ਮੁੜ ਭਗਵੰਤ ਮਾਨ ਨੂੰ ਬਲੀ ਦਾ ਬੱਕਰਾ ਬਣਾ ਕੇ ਇਤਿਹਾਸ ਦੁਹਰਾਉਣ ਜਾ ਰਹੀ ਹੈ। ਆਪ ਦੇ ਇੱਕ ਵਿਧਾਇਕ ਨੇ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਣਗੋਲਿਆ ਕਰਨਾ ਪਾਰਟੀ ਲਈ ਕਾਫ਼ੀ ਮਹਿੰਗਾ ਸਾਬਤ ਹੋ ਸਕਦਾ ਹੈ। ’’ ਉਕਤ ਵਿਧਾਇਕ ਦਾ ਮੰਨਣਾ ਸੀ ਕਿ ਪੰਜਾਬੀ ਲੋਕ ਬਾਹਰੋ ਥੋਪੇ ਲੀਡਰ ਨੂੰ ਬਰਦਾਸਤ ਨਹੀਂ ਕਰਦੇ ਤੇ ਪਾਰਟੀ ਦੀਆਂ ਕੁੱਝ ਅੰਦਰੂਨੀ ਸ਼ਕਤੀਆਂ ਵਲੋਂ ਹੀ ਭਗਵੰਤ ਮਾਨ ਦਾ ਪੱਤਾ ਕੱਟਣ ਲਈ ਉਸਦੀ ਛਵੀ ਨੂੰ ਧੂਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਖੁਦ ਨੂੰ ਸਾਈਡ ਲਾਈਨ ਕੀਤੇ ਜਾਣ ਦੀ ਕੰਨਸੋਅ ਮਿਲਦੇ ਹੀ ਪਿਛਲੇ ਕੁੱਝ ਸਮੇਂ ਤੋਂ ਭਗਵੰਤ ਮਾਨ ਨੇ ਅਪਣੀਆਂ ਸਿਆਸੀ ਸਰਗਰਮੀਆਂ ਨੂੰ ਘਟਾ ਦਿੱਤਾ ਹੈ। ਜਿਸਦਾ ਅਸਰ ਇਸਦੇ ਹੇਠਲੇ ਕਾਡਰ ਤੱਕ ਵੀ ਪਿਆ ਹੈ ਤੇ ਸੋਸਲ ਮੀਡੀਆ ਉਪਰ ਭਗਵੰਤ ਮਾਨ ਦੇ ਹੱਕ ਵਿਚ ਵਲੰਟੀਅਰਾਂ ਵਲੋਂ ਨਾ ਸਿਰਫ਼ ਲੋਕ ਲਹਿਰ ਖ਼ੜੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਲਕਿ ਹੁਣ ਉਨ੍ਹਾਂ ਵਲੋਂ ਸਿੱਧੇ ਤੌਰ ‘ਤੇ ਸਾਹਮਣੇ ਆ ਕੇ ਮੁਹਿੰਮ ਵੀ ਵਿੱਢ ਦਿੱਤੀ ਗਈ ਹੈ।

ਬਾਕਸ
ਕੇਜ਼ਰੀਵਾਲ ਖ਼ੁਦ ਬਣਨਾ ਚਾਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ!
ਬਠਿੰਡਾ: ਚਰਚਾ ਇਹ ਵੀ ਹੈ ਕਿ ਅੱਧੇ-ਅਧੂਰੇ ਰਾਜ਼ ਦੀ ਮੁੱਖ ਮੰਤਰੀ ਨੂੰ ਛੱਡ ਅਰਵਿੰਦ ਕੇਜ਼ਰੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਸਦੇ ਲਈ ਪਾਰਟੀ ਵਲੋਂ ਡੰਮੀ ਚਿਹਰੇ ਦਾ ਸਹਾਰਾ ਲਿਆ ਜਾ ਸਕਦਾ ਹੈ ।

Related posts

ਲਖੀਮਪੁਰ ਘਟਨਾ ਦੀ ਨਿਰਪੱਖ ਜਾਂਚ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਦੀ ਬਰਖਾਸਤੀ ਜ਼ਰੂਰੀ:ਸੁਖਜਿੰਦਰ ਰੰਧਾਵਾ

punjabusernewssite

ਮੁੱਖ ਮੰਤਰੀ ਵਲੋਂ ਵੱਡਾ ਦਾਅਵਾ: ਸਤੰਬਰ ਮਹੀਨੇ ਵਿੱਚ 51 ਲੱਖ ਪਰਿਵਾਰਾਂ ਦਾ ਬਿਜਲੀ ਬਿੱਲ ਜੀਰੋ ਆਵੇਗਾ

punjabusernewssite

ਪੰਜ ਸਾਲ ਸੱਤਾ ‘ਚ ਰਹੀ ਕਾਂਗਰਸ ਦੇ ਆਗੂਆਂ ਨੂੰ ਹੁਣ ਨਸ਼ਾ ਮਾਫੀਆ ਦੀ ਸਤਾਉਣ ਲੱਗੀ ਚਿੰਤਾ: ਭਗਵੰਤ ਮਾਨ

punjabusernewssite