ਬਠਿੰਡਾ, 25 ਮਈ : ਹਮੇਸ਼ਾ ਦੀ ਤਰ੍ਹਾਂ ਸੂਬੇ ਦੀ ਸਭ ਤੋਂ ਵੱਧ ‘ਹਾਟ’ ਸੀਟ ਬਣੀ ਬਠਿੰਡਾ ਲੋਕ ਸਭਾ ਹਲਕੇ ’ਤੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਸੀਟ ਨੂੰ ਜਿੱਤਣ ਦੇ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਕਾਰ ਦਾ ਸਵਾਲ ਬਣਾਇਆ ਹੋਇਆ ਹੈ ਤੇ ਉਹ ਲਗਾਤਾਰ ਕਈ ਵਾਰ ਇਸ ਹਲਕੇ ਦੇ ਹਰੇਕ ਕਸਬੇ ਤੇ ਸ਼ਹਿਰ ਵਿਚ ਚੋਣ ਮੀਟਿੰਗਾਂ ਅਤੇ ਰੋਡ ਸੋਅ ਕਰ ਚੁੱਕੇ ਹਨ, ਉਥੇ ਬਾਦਲਾਂ ਦੇ ਨਾਲ-ਨਾਲ ਕਾਂਗਰਸ ਪਾਰਟੀ ਵੱਲੋਂ ਵੀ ਇੱਥੇ ਅਪਣੀ ਜਿੱਤ ਦਾ ਝੰਡਾ ਲਹਿਰਾਉਣ ਲਈ ਜੀਅ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਥੇ ਬਾਦਲਾਂ ਦੇ ਨਾਲ-ਨਾਲ ਕਾਂਗਰਸ ਨੂੰ ਟੱਕਰ ਦੇਣ ਲਈ ਅਪਣੇ ਮਾਲਵੇ ਦੇ ਸਭ ਤੋਂ ਵੱਡੇ ਜਰਨੈਲ ਗੁਰਮੀਤ ਸਿੰਘ ਖੁੱਡੀਆ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੋਇਆ ਹੈ, ਜਿੰਨ੍ਹਾਂ ਵੱਲੋਂ ਪਹਿਲਾਂ ਵੀ ਪੰਜ ਵਾਰ ਦੇ ਮੁੱਖ ਮੰਤਰੀ ਰਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸਿਕਸ਼ਤ ਦਿੱਤੀ ਸੀ।
ਗੁਰਦਾਸਪੁਰ ਵਿੱਚ ਗਰਜੇ ਮਾਨ: ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ
ਦੂਜੇ ਪਾਸੇ ਅਕਾਲੀ ਦਲ ਵੱਲੋਂ ਮੁੜ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿਚ ਨਿੱਤਰੇ ਹੋਏ ਹਨ ਜਦੋਂਕਿ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਇਸਤੋਂ ਇਲਾਵਾ ਭਾਜਪਾ ਵੱਲੋਂ ਅਕਾਲੀ ਦਲ ਦੇ ਧੜੱਲੇਦਾਰ ਜਰਨੈਲ ਸਿਕੰਦਰ ਸਿੰਘ ਮਲੂਕਾ ਦੀ ਨੂੁੰਹ ਪਰਮਪਾਲ ਕੌਰ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਮੁਕਾਬਲਾ ਹੋਰ ਰੌਚਕ ਬਣਾ ਦਿੱਤਾ ਹੈ। ਇਸੇ ਤਰ੍ਹਾਂ ਨੌਜਵਾਨਾਂ ਵਿਚ ਚੰਗੀ ਪਕੜ ਰੱਖਣ ਵਾਲਾ ਲੱਖਾ ਸਿਧਾਣਾ ਵੀ ਮੈਦਾਨ ਵਿਚ ਨਿੱਤਰਿਆ ਹੋਇਆ ਹੈ। ਜੇਕਰ ਗੱਲ ਸੱਤਾਧਿਰ ਦੀ ਕੀਤੀ ਜਾਵੇ ਤਾਂ ਇਸ ਸੀਟ ਨੂੰ ਜਿੱਤਣ ਦੇ ਲਈ ਪਾਰਟੀ ਵਿਧਾਇਕਾਂ ਦੇ ਨਾਲ-ਨਾਲ ਇੱਥੋਂ ਦੇ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਪਰਖ਼ ਦੀ ਘੜੀ ਬਣੀ ਹੋਈ ਹੈ। ਇਸ ਸੀਟ ’ਤੇ ਜਿੱਤ-ਹਾਰ ਦੇ ਆਉਣ ਵਾਲੇ ਨਤੀਜ਼ੇ ਜਿੱਥੇ ਬਾਦਲਾਂ ਦੀੇ ਭਵਿੱਖੀ ਸਿਆਸਤ ਨੂੰ ਤੈਅ ਕਰਨਗੇ, ਉਥੇ ਸੱਤਾਧਿਰ ਦੇ ਵਿਚ ਵੀ ਵੱਡੀ ਹਲਚਲ ਪੈਦਾ ਕਰ ਸਕਦੇ ਹਨ।
ਨਵੀਂ ਤਕਨੀਕ: ਹੁਣ ਤੁਸੀਂ ਘਰ ਬੈਠੇ ਹੀ ਜਾਣ ਸਕੋਂਗੇ ਕਿ ਤੁਹਾਡੇ ਪੋਲਿੰਗ ਬੂਥਾਂ ’ਤੇ ਕਿੰਨੀ ਲੰਬੀ ਹੈ ਕਤਾਰ
ਪਾਰਟੀ ਦੇ ਉੱਚ ਸੁੂਤਰਾਂ ਮੁਤਾਬਕ ਪਾਰਟੀ ਉਮੀਦਵਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਦਿੱਲੀ ਹਾਈਕਮਾਂਡ ਵੱਲੋਂ ਵੀ ਕੱਲੇ-ਕੱਲੇ ਆਗੂ ਦੀ ਗਤੀਵਿਧੀ ਉਪਰ ਨਜ਼ਰ ਰੱਖੀ ਜਾ ਰਹੀ ਹੈ। ਪਾਰਟੀ ਨਾਲ ਭਾਵੁਕ ਤੌਰ ‘ਤੇ ਜੁੜੇ ਆਗੂਆਂ ਦਾ ਤਰਕ ਹੈ ਕਿ ‘‘ ਚੇਅਰਮੈਨੀਆਂ ਤੇ ਅਹੁੱਦੇਦਾਰੀਆਂ ਹੰਡਾਉਣ ਵਾਲਿਆਂ ਲਈ ਹੁਣ ਮੁੱਲ ਮੋੜਣ ਦਾ ਸਭ ਤੋਂ ਵਧੀਆਂ ਵਕਤ ਹੈ। ’’ ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤੁਰੰਤ ਬਾਅਦ ਪਾਰਟੀ ਨਾਲ ਜੁੜੇ ਆਗੂਆਂ ਤੇ ਵਰਕਰਾਂ ਨੂੰ ਚੇਅਰਮੈਨੀਆਂ ਤੇ ਵੱਖ ਵੱਖ ਵਿਭਾਗਾਂ ਵਿਚ ਡਾਇਰੈਕਟਰਾਂ ਦੇ ਗੱਫ਼ੇ ਵੰਡੇ ਗਏ ਹਨ। ਇੰਨ੍ਹਾਂ ਵਿਚ ਇਕੱਲੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਹੀ ਦੋ ਦਰਜ਼ਨ ਤੋਂ ਵੱਧ ਆਗੂਆਂ ਤੇ ਵਰਕਰਾਂ ਨੂੰ ਚੇਅਰਮੈਨੀਆਂ, ਡਾਇਰੈਕਟਰ ਤੇ ਹੋਰ ਵਿਭਾਗਾਂ ਦੇ ਮੈਂਬਰ ਲਗਾਇਆ ਗਿਆ ਹੈ।ਹਾਲਾਂਕਿ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਇਹ ਰਿਵਾਜ਼ ਹੁੰਦਾ ਸੀ ਕਿ ਆਖ਼ਰੀ ਮਹੀਨਿਆਂ ਦੇ ਵਿਚ ਸਰਕਾਰ ਵਿਚ ਸਿਆਸੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਸਨ।
ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ ‘ਚ ਚੋਣ ਤਿਆਰੀਆਂ ਦਾ ਜਾਇਜ਼ਾ
ਬਠਿੰਡਾ ਲੋਕ ਸਭਾ ਹਲਕੇ ਨਾਲ ਸਬੰਧਤ ਪਾਰਟੀ ਦੇ ਇੱਕ ਟਕਸਾਲੀ ਵਲੰਟੀਅਰ ਰਾਜੂ ਢੱਡੇ ਨੇ ਇਸ ਮੁੱਦੇ ’ਤੇ ਹੋਈ ਗੱਲਬਾਤ ਵਿਚ ਕਿਹਾ ਕਿ ‘‘ ਇਹ ਚੌਣ ਇਕੱਲੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੀ ਨਹੀਂ ਹੈ, ਬਲਕਿ ਇਹ ਚੋਣ ਹਰੇਕ ਵਿਧਾਇਕ, ਚੇਅਰਮੈਨ, ਡਾਇਰੈਕਟਰ, ਜ਼ਿਲ੍ਹਾ ਪ੍ਰਧਾਨ ਤੇ ਹੋਰਨਾਂ ਵਿੰਗਾਂ ਦੇ ਪ੍ਰਧਾਨਾਂ ਆਦਿ ਲਈ ਵੀ ਕਰੋ ਜਾਂ ਮਰੋ ਵਾਲੀ ਹੈ, ਜਿਸਦੇ ਕਾਰਨ ਕਿਸੇ ਨੂੰ ਵੀ ਇਸ ਚੋਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਇਸ ਗੱਲ ਨੂੰ ਵੀ ਮੰਨਿਆ ਕਿ ਜੇਕਰ ਚੋਣ ਨਤੀਜਿਆਂ ਤੋਂ ਬਾਅਦ ਕਿਸੇ ਵਿਧਾਇਕ, ਚੇਅਰਮੈਨ, ਡਾਇਰੈਕਟਰ ਜਾਂ ਹੋਰ ਅਹੁੱਦੇਦਾਰ ਦੇ ਬੂਥ, ਵਾਰਡ, ਪਿੰਡ ਆਦਿ ਵਿਚੋਂ ਘਟਦੀ ਹੈ ਤਾਂ ਇਸ ਯਕੀਨੀ ਤੌਰ ’ਤੇ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
Share the post "ਬਠਿੰਡਾ ਸੀਟ: ਆਪ ਵਿਧਾਇਕਾਂ ਦੇ ਨਾਲ-ਨਾਲ ਚੇਅਰਮੈਨਾਂ ਤੇ ਡਾਇਰੈਕਟਰਾਂ ਲਈ ਵੀ ਪਰਖ਼ ਦੀ ਘੜੀ!"