ਫਰੀਦਕੋਟ, 1 ਜੂਨ: ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਭਾਜਪਾ ਪ੍ਰਤੀ ਕਿਸਾਨਾਂ ਚ ਪਨਪਿਆ ਗੁੱਸਾ ਹਾਲੇ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਪਰੰਤੂ ਇਸਦੇ ਬਾਵਜੂਦ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਜਾਰੀ ਹੈ। ਇਸੇ ਤਰ੍ਹਾਂ ਦੀ ਵਾਪਰੀ ਇਕ ਘਟਨਾ ਦੇ ਵਿੱਚ ਬੀਤੀ ਸ਼ਾਮ ਫਰੀਦਕੋਟ ਲੋਕ ਸਭਾ ਹਲਕੇ ਨਾਲ ਸੰਬੰਧਿਤ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਇੱਕ ਪਿੰਡ ਦੇ ਵਿੱਚ ਲੱਗਿਆ ਹੋਇਆ ਪੋਲਿੰਗ ਬੂਥ ਕਿਰਤੀ ਕਿਸਾਨ ਯੂਨੀਅਨ ਦੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਪੁੱਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਮਾਮਲਾ ਪੁਲਿਸ ਕੋਲ ਵੀ ਪੁੱਜ ਚੁੱਕਿਆ ਹੈ ਤੇ ਪੁਲਿਸ ਵੱਲੋਂ ਇਸ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਹੰਸਰਾਜ ਦੇ ਸਮਰਥਕਾਂ ਵੱਲੋਂ ਪਿੰਡ ਕਿੰਗਰਾ ਦੇ ਵਿੱਚ ਅੱਜ ਵੋਟਿੰਗ ਦੇ ਲਈ ਇਹ ਪੋਲਿੰਗ ਬੂਥ ਲਗਾਇਆ ਗਿਆ ਸੀ ਤਾਂ ਕਿ ਭਾਜਪਾ ਉਮੀਦਵਾਰ ਨੂੰ ਵੋਟ ਪਾਉਣ ਵਾਲੇ ਵੋਟਰਾਂ ਦੀ ਸਹਾਇਤਾ ਕੀਤੀ ਜਾ ਸਕੇ ਅਤੇ ਭਾਜਪਾ ਸਮਰਥਕ ਇਸ ਪੋਲਿੰਗ ਬੂਥ ਦੇ ਵਿੱਚ ਬੈਠ ਸਕਣ।
ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਮਾਰਕਫੈੱਡ ਲਗਾਏਗੀ ਠੰਢੇ-ਮਿੱਠੇ ਸਰਬਤ ਦੀਆਂ ਛਬੀਲਾਂ
ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਤੇ ਕਿਸਾਨ ਆਗੂ ਰਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਫਰੀਦਕੋਟ ਵਿੱਚ ਭਾਜਪਾ ਉਮੀਦਵਾਰ ਦਾ ਹਰ ਬੂਥ ਦੇ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਨਾਲ ਹਰਿਆਣਾ ਦੇ ਬਾਡਰਾਂ ‘ਤੇ ਤਸ਼ਦਦ ਕੀਤਾ ਗਿਆ ਸੀ, ਉਸ ਦੇ ਰੋਸ਼ ਵੱਜੋ ਉਨ੍ਹਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਜਾਰੀ ਹੈ। ਇਹ ਵਿਰੋਧ ਚੋਣਾ ਤੋਂ ਬਾਅਦ ਵੀ ਲਗਾਤਾਰ ਜਾਰੀ ਰਹੇਗਾ। ਨੌਨਿਹਾਲ ਸਿੰਘ ਨੇ ਕਿਹਾ ਕਿ ਭਾਜਪਾ ਨੇ ਪਿੰਡ ਦੇ ਵਸਨੀਕ ਦੀ ਨਿਜੀ ਜਾਇਦਾਦ ਚ ਟੈਂਟ ਲਾਇਆ ਸੀ ਜੋ ਗੈਰ ਕਾਨੂੰਨੀ ਹੈ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇੱਥੇ ਦੱਸਣਾ ਬਣਦਾ ਹੈ ਕਿ ਦਿੱਲੀ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੇ ਪਿੰਡਾਂ ਵਿੱਚ ਵੜਣ ‘ਤੇ ਤਿੱਖੇ ਸਵਾਲ ਕੀਤੇ ਗਏ ਅਤੇ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਰਹੀ। ਕਈ ਥਾਂ ਸਥਿਤੀ ਟਕਰਾਓ ਵਾਲੀ ਵੀ ਬਣੀ ਰਹੀ ਸੀ।