ਮੰਗਲਵਾਰ ਤੇ ਸੁੱਕਰਵਾਰ ਨੂੰ ਬਿਨ੍ਹਾਂ ਸਮਾਂ ਲਏ ਵਿਧਾਇਕ ਮਿਲ ਸਕਣਗੇ ਮੁੱਖ ਮੰਤਰੀ ਨੂੰ
ਸੁਖਜਿੰਦਰ ਮਾਨ
ਬਠਿੰਡਾ, 22 ਸਤੰਬਰ –ਪਿਛਲੇ ਕਰੀਬ ਸਾਢੇ ਚਾਰ ਸਾਲਾਂ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਤਰਸਦੇ ਰਹੇ ਮੰਤਰੀ ਤੇ ਵਿਧਾਇਕ ਹੁਣ ਨਵੇਂ ਮੁੱਖ ਮੰਤਰੀ ਨੂੰ ਹਫ਼ਤੇ ’ਚ ਦੋ ਦਿਨ ਬਿਨ੍ਹਾਂ ਸਮਾਂ ਲਏ ਖੁੱਲੇ ਤੌਰ ’ਤੇ ਮਿਲ ਸਕਣਗੇ। ਮੁੱਖ ਮੰਤਰੀ ਦਫ਼ਤਰ ਦੇ ਉਚ ਸੂਤਰਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੰਗਲਵਾਰ ਤੇ ਸ਼ੁੱਕਰਵਾਰ ਦੋ ਦਿਨ ਉਨ੍ਹਾਂ ਲਈ ਰਾਖਵੇਂ ਰੱਖਣ ਦਾ ਫੈਸਲਾ ਲਿਆ ਹੈ। ਹਾਲਾਂਕਿ ਉਕਤ ਦਿਨ ਮੁੱਖ ਮੰਤਰੀ ਦੂਜੇ ਸਰਕਾਰੀ ਕੰਮ ਵੀ ਕਰਨਗੇ ਪ੍ਰੰਤੂ ਵਿਧਾਇਕਾਂ ਨੂੰ ਤਰਜੀਹ ਦਿੱਤੀ ਜਾਵੇਗੀੇ। ਇਸ ਸਬੰਧ ਵਿਚ ਜਲਦੀ ਹੀ ਐਲਾਨ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਵਿਧਾਇਕਾਂ ਤੇ ਇੱਥੋਂ ਤੱਕ ਮੰਤਰੀਆਂ ਦੀ ਪਹੁੰਚ ਤੋਂ ਦੂਰ ਰਹੇ ਕੈਪਟਨ ਦੇ ਉਲਟ ਹੁਣ ਨਵੇਂ ਮੁੱਖ ਮੰਤਰੀ ਨੇ ਇਹ ਨੀਤੀ ਬਣਾਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਅਤੇ ਮੰਤਰੀਆਂ, ਵਿਧਾਇਕਾਂ ਤੇ ਇੱਥੋਂ ਤੱਕ ਆਮ ਕਾਂਗਰਸੀ ਵਰਕਰਾਂ ਤੇ ਜਨਤਾ ਵਿਚਕਾਰ ਅਫ਼ਸਰਸਾਹੀ ਨੂੰ ‘ਕੰਧ’ ਬਣਨ ਤੋਂ ਰੋਕਣ ਲਈ ਵਿਸੇਸ ਹਿਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਸੂਬੇ ਦੀ ਜਨਤਾ ਤੇ ਖ਼ਾਸਕਰ ਕਾਂਗਰਸੀਆਂ ਵਿਚਕਾਰ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੂਬੇ ਵਿਚ ਅਫ਼ਸਰਸਾਹੀ ਦੀ ਸਰਕਾਰ ਹੋਣ ਦੇ ਪ੍ਰਭਾਵ ਨੂੰ ਬਦਲਿਆਂ ਜਾ ਸਕੇ। ਸ: ਚੰਨੀ ਦੇ ਨੇੜਲੇ ਸੂਤਰਾਂ ਨੇ ਦਸਿਆ ਕਿ ‘‘ ਮੁੱਖ ਮੰਤਰੀ ਮੁੱਖ ਸਕੱਤਰੇਤ ’ਚ ਸਥਿਤ ਅਪਣੇ ਦਫ਼ਤਰ ਅਤੇ ਅਪਣੀ ਸਰਕਾਰੀ ਰਿਹਾਇਸ਼ ਤੋਂ ਇਲਾਵਾ ਸੂਬੇ ਦੇ ਦੌਰਿਆਂ ਦੌਰਾਨ ਵੀ ਆਮ ਜਨਤਾ ਨਾਲ ਖੁੱਲਾ ਮੇਲ-ਮਿਲਾਪ ਕਰਿਆ ਕਰਨਗੇ ਤਾਂ ਲੋਕਾਂ ਵਿਚ ਅਪਣੀ ਸਰਕਾਰ ਹੋਣ ਦਾ ਪ੍ਰਭਾਵ ਦਿੱਤਾ ਜਾ ਸਕੇ। ’’ ਇਕੱਲੇ ਮੁੱਖ ਮੰਤਰੀ ਹੀ ਨਹੀਂ, ਬਲਕਿ ਆਉਣ ਵਾਲੇ ਦਿਨਾਂ ’ਚ ਪੂਰੀ ਵਜ਼ਾਰਤ ਦਾ ਗਠਨ ਹੋਣ ਤੋਂ ਬਾਅਦ ਵਜ਼ੀਰਾਂ ਨੂੰ ਇਹ ਹੁਕਮ ਦਿੱਤੇ ਜਾਣਗੇ ਕਿ ਉਹ ਆਮ ਲੋਕਾਂ ਦੀ ਪਹੁੰਚ ਵਿਚ ਰਹਿਣ। ਇੱਥੇ ਦਸਣਾ ਬਣਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਖੁੱਸਣ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਆਮ ਜਨਤਾ ਦੇ ਨਾਲ-ਨਾਲ ਅਪਣੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਪਹੁੰਚ ਤੋਂ ਦੂਰ ਹੋਣਾ ਰਿਹਾ ਹੈ। ਜਿਸਦੇ ਨਾਲ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਕਾਂਗਰਸੀਆਂ ਵਿਚ ਵੀ ਉਨ੍ਹਾਂ ਪ੍ਰਤੀ ਨਰਾਜ਼ਗੀ ਵਧਦੀ ਗਈ ਤੇ ਉਹ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨ ਦੀ ਬਜਾਏ ਚੁੱੱਪ ਰਹਿਣ ਲੱਗੇ, ਜਿਸ ਕਾਰਨ ਆਮ ਜਨਤਾ ਵਿਚ ਵੀ ਸਰਕਾਰ ਪ੍ਰਤੀ ਨਾਂਹ ਪੱਖੀ ਪਹੁੰਚ ਬਣਨ ਲੱਗੀ ਸੀ। ਪ੍ਰੰਤੂ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਨੂੰ ਇੱਕ ਆਮ ਆਦਮੀ ਕਰਾਰ ਦੇ ਕੇ ਅਪਣੀ ਦਿੱਖ ਵੀ ਅਜਿਹੀ ਬਣਾਉਣਾ ਲੋਚਦੇ ਹਨ ਤਾਂ ਕਿ ਇਸਦੇ ਨਾਲ ਨਾ ਸਿਰਫ਼ ਸਾਲ 2022 ਵਿਚ ਅਪਣੇ ਚਿਹਰੇ ਨੂੰ ਮਜਬੂਤ ਕੀਤਾ ਜਾ ਸਕੇ, ਬਲਕਿ ਸੱਤਾ ਦੀ ਮੁੱਖ ਦਾਅਵੇਦਾਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਠਿੱਬੀ ਲਗਾਈ ਜਾ ਸਕੇ। ਹਾਲਾਂਕਿ ਬੀਤੇ ਕੱਲ ਉਨ੍ਹਾਂ ਵਲੋਂ ਇੱਕ ਵਿਸੇਸ ਜਹਾਜ ਰਾਹੀਂ ਦਿੱਲੀ ਜਾਣ ਦੇ ਫੈਸਲੇ ਦੀ ਚਰਚਾ ਨੇ ਥੋੜਾ ਨੁਕਸਾਨ ਪਹੁੰਚਾਇਆ ਹੈ।
ਬਾਕਸ
ਚੰਨੀ ਦੇ ਚੱਲਦੇ ਰਾਤ ਨੂੰ ਵੀ ਦਫ਼ਤਰ ਖੁੱਲਣ ਲੱਗੇ!
ਬਠਿੰਡਾ: ਉਧਰ ਆਗਾਮੀ ਚੋਣਾਂ ’ਚ ਸਮਾਂ ਕਾਫ਼ੀ ਘੱਟ ਹੋਣ ਕਾਰਨ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 24 ਘੰਟਿਆਂ ਵਿਚੋਂ 18 ਘੰਟੇ ਕੰਮ ਕਰਨ ਲੱਗੇ ਹਨ। ਪਹਿਲੇ ਦਿਨ ਹੀ ਸਹੁੰ ਚੁੱਕਣ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦਿਨ ਭਰ ਦੀਆਂ ਗਤੀਵਿਧੀਆਂ ਰਹੀਆਂ, ਉਸਦੇ ਨਾਲ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ਨਾਇਕ ਪੰਜਾਬੀਆਂ ਨੂੰ ਯਾਦ ਆਉਣ ਲੱਗੀ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਦਸਿਆ ਕਿ ਪਹਿਲੇ ਹੀ ਦਿਨ ਉਹ ਅੱਧੀ ਰਾਤ ਤੱਕ ਦਫ਼ਤਰ ਵਿਚ ਮੌਜੂਦ ਰਹੇ। ਜਦੋਂਕਿ ਦੂਜੇ ਦਿਨ ਉਨ੍ਹਾਂ ਦਿੱਲੀ ਰਵਾਨਾ ਹੋਣਾ ਸੀ। ਮੁੱਖ ਮੰਤਰੀ ਦੇ ਨਜਦੀਕੀਆਂ ਮੁਤਾਬਕ ਅੱਜ ਸਵੇਰੇ ਵੀ ਦਿੱਤੇ ਸਮੇਂ ਮੁਤਾਬਕ 3 ਵਜੇਂ ਸਵੇਰ ਉਠ ਕੇ ਪੌਣੇ ਚਾਰ ਵਜੇਂ ਹਰਮਿੰਦਰ ਸਾਹਿਬ ਪੁੱਜ ਗਏ ਤੇ ਜਿਸਤੋਂ ਬਾਅਦ ਕਈ ਥਾਂ ਜਾਣ ਤੋਂ ਬਾਅਦ ਮੁੜ ਦਫ਼ਤਰ ਪੁੱਜ ਗਏ। ਇਹ ਖ਼ਬਰ ਲਿਖੇ ਜਾਣ ਤੱਕ ਦੇਰ ਰਾਤ ਮੁੱਖ ਮੰਤਰੀ ਅਪਣੇ ਦਫ਼ਤਰ ਵਿਚ ਬਿਰਾਜਮਾਨ ਸਨ।