ਪੰਜ ਵਿਧਾਨ ਸਭਾ ਹਲਕਿਆਂ ਵਿਚ ਜਿਮਨੀ ਚੋਣਾਂ ਹੋਣੀਆਂ ਤੈਅ
ਚੰਡੀਗੜ੍ਹ, 4 ਜੂਨ: ਸੂਬੇ ਦੇ ਵਿਚ 1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ਦੇ ਵਿਚ ਕਈ ਵਿਧਾਇਕ ਚੋਣ ਜਿੱਤਣ ਵਿਚ ਸਫ਼ਲ ਰਹੇ ਹਨ। ਜਿਸਤੋਂ ਬਾਅਦ ਹੁਣ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਪੰਜਾਬ ’ਚ ਮੁੜ ਜਿਮਨੀ ਚੋਣਾਂ ਦੀ ਆਹਟ ਸੁਣਾਈ ਦੇਣ ਲੱਗੀ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਪੰਜ ਹਲਕਿਆਂ ਵਿਚ ਜਿਮਨੀ ਚੋਣੀਆਂ ਹੋਣੀਆਂ ਤੈਅ ਹਨ। ਇੰਨ੍ਹਾਂ ਵਿਚੋਂ 4 ਵਿਧਾਇਕ ਚੋਣ ਜਿੱਤ ਕੇ ਐਮ.ਪੀ ਬਣ ਚੁੱਕੇ ਹਨ ਜਦਕਿ ਇੱਕ ਵਿਧਾਇਕ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇੰਨ੍ਹਾਂ ਪੰਜ ਜਿਮਨੀ ਚੋਣਾਂ ਵਿਚ ਕਾਂਗਰਸ ਦੇ ਤਿੰਨ ਹਲਕੇ ਖ਼ਾਲੀ ਹੋ ਗਏ ਹਨ, ਜਿੰਨ੍ਹਾਂ ਵਿਚ ਪੰਜਾਬ
ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਚੋਣ ਜਿੱਤਣ ਕਾਰਨ ਗਿੱਦੜਵਹਾ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੇ ਗੁਰਦਾਸਪੁਰ ਤੋਂ ਐਮ.ਪੀ ਬਣਨ ਕਾਰਨ ਡੇਰਾ ਬਾਬਾ ਨਾਨਕ ਅਤੇ ਕਾਂਗਰਸ ਛੱਡ ਆਪ ਵਿਚ ਸ਼ਾਮਲ ਹੋਏ ਚੱਬੇਵਾਲ ਦੇ ਵਿਧਾਇਕ ਰਾਜ ਕੁਮਾਰ ਦੇ ਚੌਣ ਜਿੱਤਣ ਕਾਰਨ ਉਨ੍ਹਾਂ ਦਾ ਹਲਕਾ ਵੀ ਖ਼ਾਲੀ ਹੋ ਗਿਆ ਹੈ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਲੋਕ ਸਭਾ ਹਲਕੇ ਤੋਂ ਰਿਕਾਰਡਤੋੜ ਵੋਟਾਂ ਨਾਲ ਚੋਣ ਜਿੱਤ ਗਏ ਹਨ, ਜਿਸ ਕਾਰਨ ਹੁਣ ਉਨ੍ਹਾਂ ਦਾ ਬਰਨਾਲਾ ਵਿਧਾਨ ਸਭਾ ਹਲਕਾ ਖਾਲੀ ਹੋ ਗਿਆ ਹੈ। ਇਸਤੋ ਇਲਾਵਾ ਲੋਕ ਸਭਾ ਚੋਣਾਂ ਦੇ ਐਲਾਨ ਦੌਰਾਨ ਆਪ ਦੇ ਸਿਟਿੰਗ ਐਮ.ਪੀ ਸੁਸੀਲ ਕੁਮਾਰ ਰਿੰਕੂ ਨਾਲ ਪਾਰਟੀ ਛੱਡਣ ਵਾਲੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗਰਾਲ ਦਾ ਅਸਤੀਫ਼ਾ ਵੀ ਪ੍ਰਵਾਨ ਹੋ ਗਿਆ ਹੈ। ਜਿਸਦੇ ਚੱਲਦੇ ਇਸ ਹਲਕੇ ਤੋਂ ਵੀ ਜਿਮਨੀ ਚੋਣ ਤੈਅ ਹੈ।