ਪੰਥਕ ਪਾਰਟੀ ਦੇ 13 ਵਿਚੋਂ 12 ਉਮੀਦਵਾਰ ਚੌਥੇ ਸਥਾਨ ‘ਤੇ ਰਹੇ
ਭਾਜਪਾ ਦੇ ਤਿੰਨ ਉਮੀਦਵਾਰ ਮੁਕਾਬਲੇ ਅਤੇ 6 ਤੀਜ਼ੇ ਸਥਾਨ ’ਤੇ ਆਏ
ਚੰਡੀਗੜ੍ਹ, 5 ਜੂਨ (ਸੁਖਜਿੰਦਰ ਮਾਨ): ਲੰਘੀ 1 ਜੂਨ ਨੂੰ ਪੰਜਾਬ ਦੇ ਵਿਚ 13 ਲੋਕ ਸਭਾ ਸੀਟਾਂ ਲਈ ਹੋਈਆਂ ਚੋਣਾਂ ਦੇ ਬੀਤੇ ਕੱਲ ਸਾਹਮਣੇ ਆਏ ਨਤੀਜ਼ੇ ਪੁਰਾਤਨ ਤੇ ਪੰਥਕ ਪਾਰਟੀ ਲਈ ‘ਚਿੰਤਾਂ’ ਦਾ ਵੱਡਾ ਸਬੱਬ ਬਣ ਸਕਦੇ ਹਨ। ਚੋਣ ਨਤੀਜਿਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਸਭ ਤੋਂ ਹੇਠਲੇ ਪਾਏਦਾਨ ’ਤੇ ਪਹੁੰਚਦਾ ਦਿਖ਼ਾਈ ਦੇ ਰਿਹਾ। ਹਾਲਾਂਕਿ ਬਾਦਲ ਪ੍ਰਵਾਰ ਆਪਣਾ ਘਰੇਲੂ ਹਲਕਾ ਬਠਿੰਡਾ ਵਿਚ ਜਿੱਤ ਦਰਜ਼ ਕਰਨ ਵਿਚ ਸਫ਼ਲ ਰਿਹਾ ਹੈ ਪ੍ਰੰਤੂ ਦੂਜੇ ਥਾਵਾਂ ‘ਤੇ 11 ਲੋਕ ਸਭਾ ਹਲਕਿਆਂ ਵਿਚ ਇਹ ਚੌਥੇ ਅਤੇ ਇੱਕ ਥਾਂ ਪੰਜਵੇਂ ਸਥਾਨ ‘ਤੇ ਰਿਹਾ ਹੈ। ਬਠਿੰਡਾ ਨੂੰ ਛੱਡ ਕਿਸੇ ਹੋਰ ਹਲਕੇ ਵਿਚ ਅਕਾਲੀ ਦਲ ਮੁਕਾਬਲੇ ਵਿਚ ਵੀ ਦੇਖਣ ਨੂੰ ਨਹੀਂ ਮਿਲਿਆ ਹੈ। ਦਸ ਥਾਵਾਂ ’ਤੇ ਅਕਾਲੀ ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ। ਜਮਾਨਤ ਜਬਤ ਕਰਵਾਉਣ ਵਾਲਿਆਂ ਵਿਚ ਪਾਰਟੀ ਦੇ ਪਹਿਲੀ ਕਤਾਰ ਦੇ ਆਗੂ ਵੀ ਸ਼ਾਮਲ ਹਨ। ਇਸਤੋਂ ਇਲਾਵਾ ਇਸਦਾ ਵੋਟ ਬੈਂਕ ਵੀ ਵੱਡੀ ਪੱਧਰ ’ਤੇ ਖਿਸਕਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਚੌਥੀ ਵਾਰ ਪ੍ਰਾਪਤ ਕੀਤੀ ਜਿੱਤ
ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2019 ਦੀਆਂ ਲੋਕਸਭਾ ਚੋਣਾਂ ਵਿਚ 27.45 ਫ਼ੀਸਦੀ ਵੋਟ ਹਾਸਲ ਹੋਏ ਸਨ ਤੇ ਅਕਾਲੀ ਦਲ ਬਠਿੰਡਾ ਦੇ ਨਾਲ-ਨਾਲ ਫ਼ਿਰੋਜਪੁਰ ਤੋਂ ਵੀ ਜੇਤੂ ਰਿਹਾ ਸੀ। ਇਸਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਅਕਾਲੀ ਦਲ ਨੂੰ ਤਿੰਨ ਹੀ ਸੀਟਾਂ ’ਤੇ ਸਬਰ ਕਰਨਾ ਪਿਆ ਸੀ ਪ੍ਰੰਤੂ ਇਸਦਾ ਵੋਟ ਬੈਂਕ 18.38 ਫ਼ੀਸਦੀ ਸੀ। ਪ੍ਰੰਤੂ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਅਕਾਲੀ ਦਲ ਸਿਰਫ਼ ਇੱਕ ਘਰੇਲੂ ਸੀਟ ਤੱਕ ਹੀ ਸਿਮਟ ਕੇ ਰਹਿ ਗਿਆ ਹੈ, ਉਥੇ ਇਸਦਾ ਵੋਟ ਬੈਂਕ ਵੀ ਘਟ ਕੇ 13.42 ਫ਼ੀਸਦੀ ’ਤੇ ਆ ਗਿਆ ਹੈ। ਜੇਕਰ ਦੂਜੇ ਪਾਸੇ ਭਾਜਪਾ ਦੀ ਗੱਲ ਕੀਤੀ ਜਾਵੇ, ਜਿਸਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਮੋਢਿਆ ’ਤੇ ਚੜ੍ਹ ਕੇ ਪੰਜਾਬ ਵਿਚ ‘ਇੰਟਰੀ’ ਕੀਤੀ ਸੀ, ਦਾ ਵੋਟ ਬੈਂਕ ਅਕਾਲੀ ਦਲ ਨਾਲੋਂ ਵਧ ਗਿਆ ਹੈ। 2019 ਵਿਚ ਭਾਜਪਾ ਤੇ ਅਕਾਲੀ ਦਲ ਨੇ ਮਿਲਕੇ ਚੋਣਾਂ ਲੜੀਆਂ ਸਨ ਤੇ 2-2 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਉਸ ਸਮੇਂ ਭਾਜਪਾ ਦਾ ਵੋਟ ਬੈਂਕ 9.63 ਫ਼ੀਸਦੀ ਸੀ ਜੋ ਹੁਣ ਇਕੱਲਿਆਂ ਲੜਣ ਸਮੇਂ ਵਧ ਕੇ ਲਗਭਗ ਦੁੱਗਣਾ ਭਾਵ 18.56 ਫ਼ੀਸਦੀ ਹੋ ਗਿਆ ਹੈ।
ਲੁਧਿਆਣਾ ਸੀਟ ਜਿੱਤ ਕੇ ਰਾਜਾ ਵੜਿੰਗ ਨੇ ਮੁੜ ਆਪਣਾ ਲੋਹਾ ਮਨਵਾਇਆ
ਚੋਣ ਕਮਿਸ਼ਨ ਵੱਲੋਂ ਚੋਣ ਨਤੀਜਿਆਂ ਤੋਂ ਬਾਅਦ ਜਾਰੀ ਕੀਤੇ ਅੰਕੜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ 1 ਸੀਟ ’ਤੇ ਜੇਤੂ, 11 ਸੀਟਾਂ ’ਤੇ ਚੌਥੇ ਅਤੇ 1 ਸੀਟ ਉਪਰ ਪੰਜਵੇਂ ਸਥਾਨ ‘ਤੇ ਰਿਹਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਬੇਸ਼ੱਕ ਪੰਜਾਬ ਵਿਚ ਖ਼ਾਤਾ ਖੋਲਣ ਵਿਚ ਸਫ਼ਲ ਨਹੀਂ ਹੋ ਸਕੀ ਪ੍ਰੰਤੂ ਇਸਦੇ 3 ਉਮੀਦਵਾਰਾਂ ਨੇ ਤਿੰਨ ਸੀਟਾਂ (ਗੁਰਦਾਸਪੁਰ, ਜਲੰਧਰ ਅਤੇ ਲੁਧਿਆਣਾ) ’ਤੇ ਕਾਂਗਰਸ ਨਾਲ ਮੁਕਾਬਲਾ ਕੀਤਾ ਹੈ, ਭਾਵ ਦੂਜੇ ਥਾਂ ’ਤੇ ਰਹੇ ਹਨ। ਇਸੇ ਤਰ੍ਹਾਂ 6 ਉਮੀਦਵਾਰ ਤੀਜ਼ੇ ਥਾਂ ’ਤੇ ਰਹੇ ਹਨ। ਜਦੋਂਕਿ 2 ਉਮੀਦਵਾਰ ਚੌਥੇ ਅਤੇ 2 ਪੰਜਵੇਂ ਥਾਂ ਉਪਰ ਆਏ ਹਨ। ਚੋਣ ਨਤੀਜਿਆਂ ਵਿਚ ਵੱਡੀ ਗੱਲ ਇਹ ਵੀ ਦੇਖਣ ਨੂੰ ਆਈ ਕਿ ਖਡੂਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਚ ਅਕਾਲੀ ਦਲ ਨੂੰ ਪੰਥਕ ਪਾਰਟੀ ਹੋਣ ਦਾ ਮਾਣ ਵੀ ਹਾਸਲ ਨਹੀਂ ਹੋਇਆ। ਇਸੇਤਰ੍ਹਾਂ ਜੇਕਰ ਮਾਲਵਾ ਪੱਟੀ ਅਧੀਨ ਆਉਂਦੇ ਲੋਕ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ, ਫ਼ਿਰੋਜਪੁਰ, ਪਟਿਆਲਾ ਤੇ ਲੁਧਿਆਣਾ ਆਦਿ ਵਿਚ ਵੀ ਅਕਾਲੀ ਦਲ ਭਾਜਪਾ ਤੋਂ ਪਛੜ ਗਿਆ ਹੈ।
Share the post "ਲੋਕ ਸਭਾ ਚੋਣ ਨਤੀਜ਼ੇ:ਅਕਾਲੀ ਦਲ ਲਈ ਖ਼ਤਰੇ ਦਾ‘ਘੁੱਗੂ’!ਅਕਾਲੀਆਂ ਦੇ ਮੁਕਾਬਲੇ ਭਾਜਪਾ ਦਾ ਵੋਟ ਬੈਂਕ ਵਧਿਆ"