ਜ਼ਿਲ੍ਹਾ ਜਥੇਦਾਰਾਂ, ਹਲਕਾ ਇੰਚਾਰਜਾਂ ਦੀ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪ੍ਰਗਟਾਇਆ ਭਰੋਸਾ
ਚੰਡੀਗੜ੍ਹ, 25 ਜੂਨ: ਸਿਆਸੀ ਸੰਕਟ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜਾਂ ਦੀ ਚੰਡੀਗੜ੍ਹ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਬਾਗੀ ਧੜੇ ਉਪਰ ਕੇਂਦਰ ਦੇ ਇਸ਼ਾਰੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਸਬੰਧ ਵਿਚ ਪਾਸ ਕੀਤੇ ਗਏ ਮਤੇ ਮੁਤਾਬਕ ‘‘ ਸਰਕਾਰ ਦੀ ਸ਼ਹਿ ’ਤੇ ਏਜੰਸੀਆਂ ਵੱਲੋਂ ਰਚੀਆਂ ਸਾਜ਼ਿਸ਼ਾਂ ਤਹਿਤ ਪੰਥ ਤੇ ਪੰਜਾਬ ਨੂੰ ਆਗੂ ਵਿਹੂਣਾ ਬਣਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਵਿਸਵਾਸ ਪ੍ਰਗਟਾਇਆ ਗਿਆ। ’’
ਸੁਖਬੀਰ ਬਾਦਲ ਵਿਰੁਧ ਵੱਡੀ ਬਗਾਵਤ:ਬਾਗੀ ਧੜੇ ਨੇ ਮੰਗਿਆ ਅਸਤੀਫ਼ਾ
ਇਥੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤੇ ਪਾਸ ਕਰ ਕੇ ਪਾਰਟੀ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਭਾਜਪਾ ਅਤੇ ਸਰਕਾਰੀ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਤੋੜਨ ਦੀਆਂ ਸਾਜ਼ਿਸ਼ਾਂ ਵਿਚ ਸ਼ਾਮਲ ਹਨ। ਅੱਜ ਦੀ ਮੀਟਿੰਗਾਂ ਵਿਚ ਕੁੱਲ 35 ਜ਼ਿਲ੍ਹਾ ਜਥੇਦਾਰਾਂ ਵਿਚੋਂ 33 ਅਤੇ 105 ਹਲਕਾ ਇੰਚਾਰਜਾਂ ਵਿਚੋਂ 96 ਹਲਕਾ ਇੰਚਾਰਜ ਸ਼ਾਮਲ ਹੋਏ ਜਿਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ ਸ: ਬਾਦਲ ਵੱਲੋਂ ਪੰਥਕ ਸਿਧਾਂਤਾਂ ਦੀ ਕੀਮਤ ’ਤੇ ਅਤੇ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਖਿਲਾਫ ਭਾਜਪਾ ਨਾਲ ਸਮਠੌਤਾ ਨਾ ਕਰਨ ਦੇ ਲਏ ਸਟੈਂਡ ਦੀ ਸ਼ਲਾਘਾ ਕੀਤੀ।
ਪੰਜਾਬ ਦੇ 12 ਲੋਕ ਸਭਾ ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿਚ ਚੁੱਕੀ ਸਹੁੰ
ਮੈਂਬਰਾਂ ਨੇ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਜੋ ਲੋਕ ਪਾਰਟੀ, ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਏਜੰਟਾਂ ਵਾਂਗੂ ਕੰਮ ਕਰ ਰਹੇ ਹਨ ਅਤੇ ਸੰਗਤ ਵਿਚ ਪਾਰਟੀ ਦੇ ਪੰਥਕ ਏਜੰਡੇ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ, ਉਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਹਰੇਕ ਨੂੰ ਪੂਰੀ ਥਾਂ ਦਿੱਤੀ ਤੇ ਉਹਨਾਂ ਲਈ ਪਾਰਟੀ ਦੇ ਹਿੱਤਾਂ ਤੋਂ ਉਪਰ ਕੁਝ ਨਹੀਂ ਰਿਹਾ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਰ ਕਮੇਟੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਭਾਜਪਾ ਨਾਲ ਗੈਰ ਸਿਧਾਂਤਕ ਗਠਜੋੜ ਦੇ ਖਿਲਾਫ ਹਾਂ। ਅੱਜ ਦੀਆਂ ਮੀਟਿੰਗਾਂ ਵਿਚ ਮੈਂਬਰਾਂ ਨੇ ਮੰਗ ਕੀਤੀ ਕਿ ਧੋਖੇਬਾਜ਼ (ਜਿਹਨਾਂ ਨੇ ਆਪਣਾ ਜਮੀਰ ਭਾਜਪਾ ਜਾਂ ਹੋਰ ਪੰਥ ਵਿਰੋਧੀ ਤਾਕਤਾਂ ਨੂੰ ਵੇਚ ਦਿੱਤਾ ਹੈ) ਨੂੰ ਕਿਸੇ ਵੀ ਕੀਮਤ ’ਤੇ ਮੁੜ ਪਾਰਟੀ ਵਿਚ ਨਾ ਆਉਣ ਦਿੱਤਾ ਜਾਵੇ।
Share the post "ਸੁਖਬੀਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਦਾਅਵਾ : ਭਾਜਪਾ ਦੇ ਇਸ਼ਾਰੇ ’ਤੇ ਅਕਾਲੀ ਦਲ ਨੂੰ ਕਮਜੋਰ ਕਰਨ ਦੀ ਸਾਜਸ਼"