12 Views
ਇੱਕ ਫਰਾਰ, ਐਕਟਿਵਾ ਕੀਤੀ ਬਰਾਮਦ
ਲੁਧਿਆਣਾ, 6 ਜੁਲਾਈ: ਬੀਤੇ ਕੱਲ ਦੁਪਹਿਰ ਕਰੀਬ ਸਾਢੇ 11 ਵਜੇ ਸ਼ਿਵ ਸੈਨਾ ਆਗੂ ਸੰਜੀਵ ਗੋਰਾ ਥਾਪਰ ਉੱਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਹੇਠ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਚਲਾਏ ਇੱਕ ਸਾਂਝੇ ਅਪਰੇਸ਼ਨ ਦੌਰਾਨ ਦੋ ਹਮਲਾਵਰਾਂ ਨੂੰ ਕਾਬੂ ਕਰ ਲਿਆ ਹੈ। ਜਦੋਂ ਕਿ ਤੀਸਰਾ ਹਾਲੇ ਫਰਾਰ ਦੱਸਿਆ ਜਾ ਰਿਹਾ। ਇਹ ਹਮਲਾਵਰ ਨਿਹੰਗ ਸਿੰਘ ਹਨ, ਜਿਹੜੇ ਸ਼ਿਵ ਸੈਨਾ ਆਗੂ ਦੇ ਬਿਆਨਾਂ ਨੂੰ ਲੈ ਕੇ ਦੁਖੀ ਦੱਸੇ ਜਾ ਰਹੇ ਸਨ। ਬੀਤੀ ਦੇਰ ਸ਼ਾਮ ਮਾਮਲੇ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਅਤੇ ਫਤਿਹਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ।
ਜਿਸ ਦੌਰਾਨ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਅਧਾਰ ‘ਤੇ ਹਮਲਾਵਾਰਾਂ ਦੀ ਪਹਿਚਾਣ ਕੀਤੀ ਗਈ। ਜਿਸ ਤੋਂ ਬਾਅਦ ਕਥਿਤ ਹਮਲਾਵਰਾਂ ਸਰਬਜੀਤ ਸਿੰਘ ਸੱਬਾ ਵਾਸੀ ਟਿੱਬਾ ਰੋਡ ਅਤੇ ਹਰਜੋਤ ਸਿੰਘ ਉਰਫ ਜੋਤਾ ਵਾਸੀ ਭਾਮੀਆ ਦੋਨੋਂ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰ ਲਿਆ ਗਿਆ। ਜਦੋਂ ਕਿ ਇਹਨਾਂ ਦਾ ਤੀਸਰਾ ਸਾਥੀ ਟਹਿਲ ਸਿੰਘ ਲਾਡੀ ਹਾਲੇ ਫਰਾਰ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਿਸ ਕਾਰਨ ਕਰਕੇ ਵਾਪਰੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਦੇ ਵਿੱਚ ਸਿਵਿਲ ਹਸਪਤਾਲ ਦੇ ਨਜ਼ਦੀਕ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਗਨਮੈਨ ਦੇ ਨਾਲ ਸਕੂਟੀ ‘ਤੇ ਵਾਪਸ ਜਾ ਰਹੇ ਇਹ ਆਗੂ ਸੰਜੀਵ ਥਾਪਰ ਨੂੰ ਸ਼ਰੇਬਾਜ਼ਾਰ ਨਿਹੰਗ ਸਿੰਘ ਦੇ ਬਾਣੇ ‘ਚ ਆਏ ਤਿੰਨ ਨੌਜਵਾਨਾਂ ਵੱਲੋਂ ਰੋਕ ਲਿਆ ਜਾਂਦਾ ਹੈ।
ਇਸ ਦੌਰਾਨ ਇੱਕ ਨੌਜਵਾਨ ਉਸਦੇ ਗੰਨਮੈਨ ਨੂੰ ਪਾਸੇ ਲੈ ਜਾਂਦਾ ਹੈ ਅਤੇ ਦੂਜੇ ਦੋਨਾਂ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਸਕੂਟੀ ‘ਤੇ ਬੈਠੇ ਸੰਜੀਵ ਥਾਪਰ ਉੱਪਰ ਕਿਰਪਾਨਾਂ ਨਾਲ ਹਮਲਾ ਕਰਕੇ ਉਸਨੂੰ ਲਹੂ ਲਹਾਣ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਉਸਨੂੰ ਰਾਹਗੀਰਾਂ ਵਲੋਂ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੇ ਜਖਮੀ ਸ਼ਿਵ ਸੈਨਾ ਆਗੂ ਦੇ ਗੰਨਮੈਨ ਥਾਣੇਦਾਰ ਸੁਖਵੰਤ ਸਿੰਘ ਦੀ ਸ਼ਿਕਾਇਤ ਉੱਪਰ ਸੈਕਸ਼ਨ 109(3)5, 115(2) ਅਤੇ 132 ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਸੀ।