ਚੰਡੀਗੜ੍ਹ, 7 ਸਤੰਬਰ: ਆਗਾਮੀ 5 ਅਕਤੂੁਬਰ ਨੂੰ ਪ੍ਰਦੇਸ਼ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬੀਤੀ ਦੇਰ ਰਾਤ ਆਪਣੇ 32 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ਵਿਚ ਕੁੱਲ 31 ਅਤੇ ਦੂਜੀ ਲਿਸਟ ਵਿਚ ਮੌਜੂਦਾ ਵਿਧਾਇਕ ਨੂੰ ਟਿਕਟ ਦਿੱਤੀ ਗਈ। ਇਸਤੋਂ ਪਹਿਲਾਂ ਭਾਜਪਾ ਵੀ 67 ਉਮੀਦਵਾਰਾਂ ਦੀ ਟਿਕਟ ਜਾਰੀ ਕਰ ਚੁੱਕੀ ਹੈ। ਹਰਿਆਣਾ ਵਿਚ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਹਨ। ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਦੀਆਂ ਚਰਚਾਵਾਂ ਦਾ ਬਜ਼ਾਰ ਵੀ ਗਰਮ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਲਿਸਟ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਹਿਤ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇਭਾਨ ਸਿੰਘ ਤੇ ਮੌਜੂਦਾ 28 ਵਿਧਾਇਕਾਂ ’ਤੇ ਮੁੜ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ।
ਸਾਈਬਰ ਫਰਾਡ ਮਾਮਲੇ ’ਚ ਵਿਰੋਧੀਆਂ ਨੇ ਮੰਗੀ ਜਾਂਚ, ਮੰਤਰੀ ਬੈਂਸ ਨੇ ਕਿਹਾ ਕਿ ਇਮਾਨਦਾਰੀ ਸਾਡਾ ਧਰਮ
ਉਮੀਦਵਾਰਾਂ ਵਿਚ 5 ਔਰਤਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਇਸਦੇ ਵਿਚ ਬੀਤੇ ਕੱਲ ਸਵੇਰ ਸਮੇਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੀ ਅੰਤਰਰਾਸਟਰੀ ਪਹਿਲਵਾਨ ਵਿਨੇਸ਼ ਫ਼ੋਗਟ ਨੂੰ ਜੁਲਾਨਾ ਤੋਂ ਟਿਕਟ ਦਿੱਤੀ ਗਈ ਹੈ। ਇਸ ਹਲਕੇ ਦੇ ਪਿੰਡ ਬਖ਼ਤਾ ਖੇੜਾ ਵਿਚ ਵਿਨੇਸ਼ ਦਾ ਸਹੁਰਾ ਪ੍ਰਵਾਰ ਆਉਂਦਾ ਹੈ। ਕਾਂਗਰਸ ਨੇ ਪਿਛਲੇ ਦਿਨੀਂ ਜਜਪਾ ਛੱਡ ਕੇ ਆਪਣੈ ਵਿਚ ਆਉਣ ਵਾਲੇ ਵਿਧਾਇਕ ਰਾਮਕਰਣ ਕਾਲਾ ਨੂੰ ਵੀ ਟਿਕਟ ਦਿੱਤੀ ਹੈ। ਟਿਕਟਾਂ ਦੀ ਵੰਡ ਦਾ ਵਿਸ਼ਲੇਸਣ ਕਰਨ ’ਤੇ ਪਤਾ ਚੱਲਦਾ ਹੈ ਕਿ ਜਿਆਦਾ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਧੜੇ ਦੀ ਹੀ ਚੱਲੀ ਹੈ। ਹਾਲਾਂਕਿ ਹੁੱਡਾ ਵਿਰੋਧੀ ਧੜੇ ਦੀ ਐਮ.ਪੀ ਕੁਮਾਰੀ ਸ਼ੈਲਜਾ ਦੇ ਵੀ ਚਾਰ ਸਮਰਥਕਾਂ ਨੂੰ ਟਿਕਟ ਮਿਲੀ ਹੈ।