ਜਗਰਾਓ, 7 ਸਤੰਬਰ: ਪਤੀ-ਪਤਨੀ ਵਿਚਕਾਰ ਲੜਾਈ-ਝਗੜੇ ਤੇ ਕੁੱਟਮਾਰ ਦੇ ਮਾਮਲੇ ਤੁਸੀਂ ਜਰੂਰ ਥਾਣਿਆਂ ਵਿਚ ਜਾਂਦੇ ਵੇਖੇ ਹੋਣਗੇ ਪ੍ਰੰਤੂ ਅੱੱਜ ਜੋ ਅਸੀਂ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ, ਤਾਂ ਤੁਸੀਂ ਉਸਨੂੰ ਪੜ੍ਹ ਕੇ ਜਰੂਰ ਹੈਰਾਨ ਹੋ ਜਾਵੋਗੇਂ। ਜੀ ਹਾਂ, ਇਹ ਮਾਮਲਾ ਹੈ ਥਾਣਾ ਜਗਰਾਓ ਦਾ, ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਵਿਰੁਧ ਘਰ ਦੀ ਪਾਲਤੂ ਕੁੱਤੀ ਗਾਇਬ ਕਰਨ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਵਾਇਆ ਹੈ। ਪਰਚਾ ਦਰਜ਼ ਹੋਣ ਤੋਂ ਬਾਅਦ ਹੁਣ ਪਤੀ ਵੀ ਘਰੋਂ ਗਾਇਬ ਹੋ ਗਿਆ ਹੈ ਤੇ ਪੁਲਿਸ ਉਸਨੂੰ ਫ਼ੜਣ ਲਈ ਛਾਪੇਮਾਰੀ ਮਾਰ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਖ਼ੁਦ ਆਪਣੇ ਪਤੀ ’ਤੇ ਪਰਚਾ ਦਰਜ਼ ਕਰਵਾਉਣ ਵਾਲੀ ਜਸਨੀਤ ਕੌਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ।
ਯੂਪੀ ’ਚ ਰੇਲ ਗੱਡੀ ਪਿੱਛੇ ਘਸੁੰਨ-ਮੁੱਕੀ ਹੋਏ ਰੇਲਵੇ ਡਰਾਈਵਰ ਤੇ ਗਾਰਡ
ਔਰਤ ਦੇ ਮੁਤਾਬਕ ਉਸਨੇ ਆਪਣੇ ਘਰ ਕਰੀਬ ਦਸ ਸਾਲ ਪਹਿਲਾਂ ਇੱਕ 15 ਦਿਨਾਂ ਦੀ ਜਰਮਨ ਸੈਫ਼ਡ ਨਸਲ ਦੀ ਕੁੱਤੀ ਲਿਆਂਦੀ ਸੀ, ਜਿਸਦਾ ਪਿਆਰ ਨਾਲ ਨਾਂ ਸੈਫ਼ੀ ਰੱਖਿਆ ਸੀ। ਹੁਣ ਇਸ ਕੁੱਤੀ ਨਾਲ ਉਸਦਾ ਬੱਚਿਆਂ ਨਾਲੋਂ ਵੀ ਜਿਆਦਾ ਮੋਹ ਸੀ। ਪ੍ਰੰਤੂ ਉਸਦਾ ਪਤੀ ਉਸਨੂੰ ਪਸੰਦ ਨਹੀਂ ਕਰਦਾ ਸੀ। ਔਰਤ ਮੁਤਾਬਕ ਲੰਘੀ 25 ਜੁਲਾਈ ਨੂੰ ਉਹ ਪਿੱਤੇ ਦਾ ਅਪਰੇਸ਼ਨ ਕਰਵਾਉਣ ਫ਼ਰੀਦਕੋਟ ਗਈ ਸੀ ਤੇ 30 ਜੁਲਾਈ ਨੂੰ ਛੁੱਟੀ ਮਿਲਣ ਤੋਂ ਬਾਅਦ ਘਰ ਆ ਗਈ। ਇਸ ਦੌਰਾਨ ਸੈਫ਼ੀ ਘਰ ਵਿਚ ਨਹੀਂ ਸੀ। ਜਦ ਉਸਨੇ ਪਤੀ ਨੂੰ ਪੁਛਿਆ ਤਾਂ ਉਹ ਟਾਲ-ਮਟੋਲ ਕਰਨ ਲੱਗਿਆ। ਜਿਆਦਾ ਜੋਰ ਪਾਉਣ ’ਤੇ ਉਸਨੇ ਦਸਿਆ ਕਿ ਕੁੱਤੀ ਨੂੰ ਉਸਨੇ ਫ਼ਿਰੋਜਪੁਰ ਵਾਲੀ ਟਰੇਨ ’ਤੇ ਚੜਾ ਦਿੱਤੀ ਹੈ ਤਾਂ ਉਕਤ ਔਰਤ ਆਪਣੀ ਧੀ ਨੂੰ ਲੈ ਕੇ ਫ਼ਿਰੋਜਪੁਰ ਰੇਲਵੇ ਸਟੈਸ਼ਨ ’ਤੇ ਪੁੱਜ ਗਈ, ਜਿੱਥੇ ਉਸਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪ੍ਰੰਤੂ ਕੁੱਤੀ ਉਥੇ ਵੀ ਨਾ ਮਿਲੀ। ਇਸਤੋਂ ਬਾਅਦ ਉਹ ਪਤੀ ਨੂੰ ਪੁੱਛਦੀ ਰਹੀ ਪ੍ਰੰਤੂ ਉਸਨੇ ਕੁੱਤੀ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ।
ਜਦ ਕਿ ਇਸ ਦੌਰਾਨ ਇੱਕ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੈਜ਼ ਦੇਖਣ ਤਂੋ ਸਾਫ਼ ਹੋ ਗਿਆ ਕਿ ਘਰੋਂ ਕੁੱਤੀ ਨੂੰ ਉਸਦਾ ਪਤੀ ਹੀ ਲੈ ਕੇ ਗਿਆ ਸੀ ਤੇ ਕਿਧਰੇ ਛੱਡ ਆਇਆ। ਜਿਸਤੋਂ ਬਾਅਦ ਉਸਨੇ ਥਾਣਾ ਜਗਰਾਓ ਵਿਚ ਆਪਣੇ ਪਤੀ ਖਿਲਾਫ਼ ਕੁੱਤੀ ਨੂੰ ਗਾਇਬ ਕਰਨ ਦੀ ਸਿਕਾਇਤ ਦੇ ਦਿੱਤੀ। ਪੁਲਿਸ ਵੱਲੋਂ ਵੀ ਕੁੱਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕੁੱਤੀ ਤਾਂ ਨਹੀਂ ਮਿਲੀ ਪਰ ਔਰਤ ਦਾ ਪਤੀ ਵੀ ਗਾਇਬ ਹੋ ਗਿਆ। ਥਾਣਾ ਜਗਰਾਓ ਦੇ ਐਸਐਸਓ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਔਰਤ ਜਸਨੀਤ ਕੌਰ ਦੀ ਸਿਕਾਇਤ ’ਤੇ ਉਸਦੇ ਪਤੀ ਸੁਰਿੰਦਰਪਾਲ ਸਿੰਘ ਵਾਸੀ ਜਗਰਾਓ ਵਿਰੁਧ ਮੁਕੱਦਮਾ ਨੰਬਰ 186 ਅਧੀਨ ਧਾਰਾ 325 ਬੀਐਨਐਸ ਅਤੇ 11 ਪ੍ਰੋਵੈਸ਼ਨ ਆਫ਼ ਐਨੀਮਲ ਕਰਲੂਅਟੀ ਐਕਟ ਤਹਿਤ ਕੇਸ ਦਰਜ਼ ਕੀਤਾ ਜਾ ਚੁੱਕਾ ਹੈ। ’’ ਥਾਣਾ ਮੁਖੀ ਨੇ ਦਸਿਆ ਕਿ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਹੈ ਪ੍ਰੰਤੂ ਪੁਲਿਸ ਹੱਥ ਨਹੀਂ ਲੱਗਿਆ।