ਪੂਰੀ ਪੰਚਾਇਤ ਚੋਣ ਪ੍ਰਕ੍ਰਿਆ ਨੂੰ ਰੱਦ ਕਰਨ ਤੋਂ ਕੀਤਾ ਇੰਨਕਾਰ
ਸਿਰਫ਼ ਸ਼ਿਕਾਇਤਾਂ ਵਾਲੇ ਪਿੰਡਾਂ ਵਿਚ ਚੋਣ ਅਮਲ ਰੋਕਿਆ
ਚੰਡੀਗੜ੍ਹ, 9 ਅਕਤੂਬਰ: ਪੰਜਾਬ ਦੇ ਵਿੱਚ ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਦੌਰਾਨ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਦਾਇਰ ਕੀਤੀਆਂ ਪਿਟੀਸ਼ਨਰਾਂ ਉੱਪਰ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੂਰੀ ਚੋਣ ਪ੍ਰਕਿਰਿਆ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਉਹਨਾਂ ਅਜਿਹੇ ਪਿੰਡਾਂ ਵਿੱਚ ਚੋਣ ਅਮਲ ਨੂੰ ਰੋਕ ਦਿੱਤਾ ਹੈ ਜਿੱਥੋਂ ਦੇ ਦਾਅਵੇਦਾਰਾਂ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਪਿਟੀਸ਼ਨਾਂ ਵਿੱਚ ਪੰਜਾਬ ਚੋਣ ਕਮਿਸ਼ਨਰ ਦੀ ਨਿਯੁਕਤੀ ਉੱਪਰ ਉੱਠੇ ਸਵਾਲ ਦੇ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਰੱਖੇ ਪੱਖ ‘ਤੇ ਮਾਨਯੋਗ ਅਦਾਲਤ ਸੰਤੁਸ਼ਟ ਦਿਖਾਈ ਦਿੱਤੀ। ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 14 ਅਕਤੂਬਰ ਨੂੰ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਤਹਿਤ ਪੰਜਾਬ ਦੇ ਵਿੱਚ ਪੂਰੇ ਜੋਰਾਸ਼ੋਰਾਂ ਦੇ ਨਾਲ ਪੰਚਾਇਤਾਂ ਚੋਣ ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਦੌਰਾਨ ਕਈ ਪਿੰਡਾਂ ਦੇ ਵਿੱਚ ਸਰਕਾਰ ਪੱਖੀ ਉਮੀਦਵਾਰਾਂ ਅਤੇ ਕੁਝ ਚੋਣ ਅਧਿਕਾਰੀਆਂ ਉੱਪਰ ਧੱਕੇਸ਼ਾਹੀ ਦੇ ਦੋਸ਼ ਲੱਗੇ ਹਨ। ਉਧਰ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚੋਂ ਅੱਜ ਆਏ ਫੈਸਲੇ ਨੂੰ ਪਾਰਟੀ ਤੇ ਸਰਕਾਰ ਪੱਖੀ ਕਰਾਰ ਦਿੰਦਿਆ ਕਿਹਾ ਕਿ ਸੂਬੇ ਭਰ ਦੇ ਵਿੱਚ 13237 ਪੰਚਾਇਤਾਂ ਵਿੱਚ ਇਹ ਚੋਣਾਂ ਹੋ ਰਹੀਆਂ ਹਨ ਪ੍ਰੰਤੂ ਸਿਰਫ ਕੁਝ ਚੰਦ ਪੰਚਾਇਤਾਂ ਵਿੱਚ ਚੋਣ ਅਮਲ ਉੱਤੇ ਰੋਕ ਲੱਗਣ ਦੇ ਨਾਲ ਸਰਕਾਰ ‘ਤੇ ਉਂਗਲ ਨਹੀਂ ਚੁੱਕੀ ਜਾ ਸਕਦੀ।
ਇਹ ਵੀ ਪੜੋ: ਸਰਹੱਦੀ ਸੁਰੱਖਿਆ ਨੂੰ ਵੱਡਾ ਹੁਲਾ ਮੁੱਖ ਮੰਤਰੀ ਵੱਲੋਂ ਸੁਰੱਖਿਆ ਮਜ਼ਬੂਤੀ ਲਈ ਪਹਿਲਕਦਮੀ ਦੀ ਸ਼ੁਰੂਆਤ
ਸ੍ਰੀ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸਦੀ ਸਰਕਾਰ ਖੁਦ ਨਿਰਪੱਖ ਅਤੇ ਪਾਰਦਰਸ਼ਤਾ ਦੇ ਨਾਲ ਚੋਣਾਂ ਲਈ ਤਤਪਰ ਹੈ, ਜਿਸ ਦੇ ਚਲਦੇ ਪਿਛਲੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪਾਰਟੀ ਦਾ ਇੱਕ ਵਫ਼ਦ ਪੰਜਾਬ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਇਹ ਚੋਣਾਂ ਪੂਰੀ ਤਰ੍ਹਾਂ ਨਿਰਪੱਖਤਾ ਅਤੇ ਪਾਰਦਰਸ਼ਤਾਂ ਨਾਲ ਕਰਾਈਆਂ ਜਾਣ। ਪਾਰਟੀ ਦੇ ਬੁਲਾਰੇ ਨੇ ਵਿਰੋਧੀ ਸਿਆਸੀ ਧਿਰਾਂ ਉੱਪਰ ਜਾਣ ਬੁਝ ਕੇ ਆਪ ਸਰਕਾਰ ਨੂੰ ਬਦਨਾਮ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦਾ ਅਮਲ ਲੁੱਟਿਆ ਜਾਂਦਾ ਰਿਹਾ, ਉਸ ਨੂੰ ਲੋਕ ਹਾਲੇ ਤੱਕ ਭੁੱਲੇ ਨਹੀਂ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ 13237 ਪੰਚਾਇਤਾਂ ਦੇ ਵਿੱਚ ਸਰਪੰਚ ਚੁਣੇ ਜਾਣੇ ਹਨ ਪ੍ਰੰਤੂ ਪੜਤਾਲ ਅਤੇ ਵਾਪਸੀ ਤੋਂ ਬਾਅਦ ਵੀ ਕਰੀਬ 50 ਹਜਾਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ। ਜਿਸਤੋਂ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਚੋਣਾਂ ਦੇ ਅਮਲ ਵਿੱਚ ਕੋਈ ਦਖਲ ਅੰਦਾਜੀ ਨਹੀਂ ਕੀਤੀ ਹੈ।