Punjabi Khabarsaar
ਸਿੱਖਿਆ

ਪੰਜਾਬ ਰਾਜ ਭਵਨ ਵੱਲੋਂ ਐਨ.ਈ.ਪੀ. 2020 ’ਤੇ ਵਾਈਸ-ਚਾਂਸਲਰਜ਼ ਕਾਨਫਰੰਸ ਦਾ ਆਯੋਜਨ

ਉਚੇਰੀ ਸਿੱਖਿਆ ਸੰਸਥਾਵਾਂ ਲਈ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਸਤੇ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ – ਰਾਜਪਾਲ ਪੰਜਾਬ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਰੋਜ਼ਗਾਰ ਅਧਾਰਤ ਸਿੱਖਿਆ ਪ੍ਰਦਾਨ ਕਰਨ ’ਤੇ ਦਿੱਤਾ ਜ਼ੋਰ
ਚੰਡੀਗੜ੍ਹ, 10 ਅਕਤੂਬਰ:ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) 2020 ’ਤੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਦਾ ਉਦਘਾਟਨ ਕੀਤਾ।ਆਪਣੇ ਉਦਘਾਟਨੀ ਸੰਬੋਧਨ ਵਿੱਚ, ਪੰਜਾਬ ਦੇ ਰਾਜਪਾਲ ਨੇ ਸੁਚੱਜੇ ਵਿਦਿਅਕ ਢਾਂਚੇ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਨੂੰ ਸਮਕਾਲੀ ਹੁਨਰਾਂ ਨਾਲ ਨਿਪੁੰਨ ਕਰਦੇ ਹੋਏ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਦਾ ਹੈ। ਪੰਜਾਬ ਦੇ ਰਾਜਪਾਲ ਨੇ ਕੁਝ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਉੱਚ ਮਿਆਰਾਂ ਅਤੇ ਤਰੱਕੀ ਦੀ ਸ਼ਲਾਘਾ ਕੀਤੀ।ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐਨ.ਈ.ਪੀ. 2020 ਸਾਰਥਕ ਵਿਦਿਅਕ ਨਤੀਜਿਆਂ ਵਿੱਚ ਵਾਧਾ ਕਰਨ, ਸੰਸਥਾਵਾਂ ਨੂੰ ਹੁਨਰਾਂ ਦੀ ਪਛਾਣ ਕਰਨ, ਭਾਸ਼ਾ ਦੀ ਸ਼ਮੂਲੀਅਤ, ਅਤੇ ਬਿਹਤਰ ਅਧਿਆਪਕਾਂ ਦੀ ਚੋਣ ਸਬੰਧੀ ਇੱਕ ਬਿਹਤਰ ਢਾਂਚਾ ਪੇਸ਼ ਕਰਦੀ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਪ੍ਰਣਾਲੀ ਦਾ ਸਮਰਥਨ ਕਰਕੇ ਆਪਣੀ ਸਿੱਖਿਆ ਦੇ ਖੇਤਰ ਵਿੱਚ ਆਪਣੀ ਮੋਹਰੀ ਭੂਮਿਕਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਜੋ ਵਿਅਕਤੀਗਤ ਹੁਨਰਾਂ ਦਾ ਸਨਮਾਨ ਕਰਦੀ ਹੈ, ਭਾਸ਼ਾ ਦੇ ਪਾੜੇ ਨੂੰ ਪੂਰਦੀ ਹੈ ਅਤੇ ਸੰਸਥਾਗਤ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ।

ਇਹ ਵੀ ਪੜੋ:ਕੇ.ਏ.ਪੀ. ਸਿਨਹਾ ਨੇ ਪੰਜਾਬ ਦੇ 43ਵੇਂ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

ਰਾਜਪਾਲ ਨੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਖੇਤਰੀ ਭਾਸ਼ਾ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਜੋ ਖੇਤਰੀ-ਭਾਸ਼ਾ ਵਾਲੇ ਸਕੂਲਾਂ ਤੋਂ ਉੱਚ ਸਿੱਖਿਆ ਵੱਲ ਜਾਣ ਵਾਲੇ ਵਿਦਿਆਰਥੀਆਂ ਲਈ ਭਾਸ਼ਾ ਦੀ ਤਬਦੀਲੀ ਨੂੰ ਆਸਾਨ ਬਣਾਉਂਦੀ ਹੈ। ਅਧਿਆਪਨ ਦੀ ਗੁਣਵੱਤਾ ਬਾਰੇ ਗੱਲ ਕਰਦਿਆਂ ਰਾਜਪਾਲ ਨੇ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਪੁੰਨ ਅਧਿਆਪਕਾਂ ਦੀ ਚੋਣ ਕਰਨ ’ਤੇ ਜ਼ੋਰ ਦਿੱਤਾ ਅਤੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ ਲਈ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਦੇ ਨਿਰਮਾਣ ਲਈ ਵਾਤਾਵਰਨ ਅਤੇ ਖੇਡਾਂ ਪ੍ਰਤੀ ਸਹਿਯੋਗ ਵਧਾਉਣ ਦੀ ਵੀ ਵਕਾਲਤ ਕੀਤੀ। ਰਾਜਪਾਲ ਨੇ ਅੱਗੇ ਕਿਹਾ ਕਿ 2035 ਤੱਕ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) 2020 ਦੇ ਅਭਿਲਾਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਨਿੱਜੀ ਖੇਤਰ ਸਮੇਤ ਸਾਰੇ ਭਾਈਵਾਲਾਂ ਦੇ ਇੱਕਜੁੱਟ ਅਤੇ ਸਹਿਯੋਗੀ ਯਤਨਾਂ ਦੀ ਲੋੜ ਹੈ।

ਇਹ ਵੀ ਪੜੋ:ਤਿਊਹਾਰਾਂ ਦੇ ਸੀਜ਼ਨ ’ਚ ਨਕਲੀ GST ਵਾਲੇ ਚੜ੍ਹੇ ਵਪਾਰੀਆਂ ਦੇ ਹੱਥੇ

ਸਿੱਖਿਆ ਮੰਤਰੀ, ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਐਨ.ਈ.ਪੀ. ਦੇ ਉਦੇਸ਼ਾਂ ਨਾਲ ਮੇਲ ਖਾਂਦੇ ਵਿਦਿਅਕ ਸੁਧਾਰਾਂ ਵਿੱਚ ਪੰਜਾਬ ਦੀ ਪ੍ਰਗਤੀ, ਬੁਨਿਆਦੀ ਢਾਂਚੇ ਵਿੱਚ ਸੁਧਾਰ, ਅਧਿਆਪਕਾਂ ਦੀ ਸਿਖਲਾਈ ਵਿੱਚ ਵਾਧਾ ਅਤੇ ਵਿਦਿਆਰਥੀਆਂ ਦੀਆਂ ਵੱਧ ਰਹੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ 100 ਫੀਸਦੀ ਪਲੇਸਮੈਂਟ ਟੀਚਿਆਂ ਦੇ ਨਾਲ ਖੋਜ ਅਤੇ ਰੋਜ਼ਗਾਰ ਆਧਾਰਿਤ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਾਬਕਾ ਚੇਅਰਮੈਨ ਪ੍ਰੋ. ਵੇਦ ਪ੍ਰਕਾਸ਼ ਨੇ ਭਾਰਤੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਗਲੋਬਲ ਭਾਈਵਾਲੀ ਅਤੇ ਖੋਜ ਦੀ ਲੋੜ ’ਤੇ ਜ਼ੋਰ ਦਿੰਦਿਆਂ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਬਾਰੇ ਗੱਲ ਕੀਤੀ।ਨੈਸ਼ਨਲ ਅਸੈਸਮੈਂਟ ਅਤੇ ਐਕਰੀਡੇਸ਼ਨ ਕੌਂਸਲ (ਐਨਏਏਸੀ) ਦੇ ਡਾਇਰੈਕਟਰ, ਪ੍ਰੋ. ਗਣੇਸ਼ਨ ਕੰਨਬੀਰਨ, ਨੇ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਡਿਜੀਟਲ ਨਵੀਨਤਾ ਨੂੰ ਰੇਖਾਂਕਿਤ ਕਰਦੇ ਹੋਏ, ਐਨ.ਏ.ਏ.ਸੀ. ਮਾਨਤਾ ਵਿੱਚ ਹਾਲ ਹੀ ਵਿੱਚ ਹੋਈਆਂ ਤਰੱਕੀਆਂ ਬਾਰੇ ਇੱਕ ਸੈਸ਼ਨ ਦਿੱਤਾ।

ਇਹ ਵੀ ਪੜੋ:ਮੁੱਖ ਮੰਤਰੀ ਨੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਇਸ ਤੋਂ ਇਲਾਵਾ, ਯੂਜੀਸੀ ਦੇ ਸੰਯੁਕਤ ਸਕੱਤਰ ਡਾ. ਅਵਿਚਲ ਕਪੂਰ ਨੇ ਐਨਈਪੀ 2020 ਦੀ ਵਿਦਿਆਰਥੀ-ਕੇਂਦ੍ਰਿਤ ਪਹੁੰਚ ਦੀ ਰੂਪਰੇਖਾ ਪੇਸ਼ ਕੀਤੀ, ਜੋ ਕਿ ਹੁਨਰ ਵਿਕਾਸ ’ਤੇ ਕੇਂਦ੍ਰਿਤ ਹੈ।ਕਾਨਫਰੰਸ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਐਨ.ਈ.ਪੀ. 2020 ਦੀ ਸੰਭਾਵਨਾ ’ਤੇ ਸਹਿਯੋਗ ਨੂੰ ਉਤਸ਼ਾਹਤ ਕੀਤਾ, ਜਿਸ ਨਾਲ ਰਾਜ ਨੂੰ ਭਾਰਤ ਦੇ ਵਿਦਿਅਕ ਪਰਿਵਰਤਨ ਵਿੱਚ ਮੋਹਰੀ ਬਣਨ ਦਾ ਫਖ਼ਰ ਹਾਸਲ ਹੋਇਆ ਹੈ। ਮਾਣਯੋਗ ਰਾਜਪਾਲ ਨੇ ਆਸ ਪ੍ਰਗਟਾਈ ਕਿ ਇਹ ਸਮੂਹਕ ਯਤਨ ਪੰਜਾਬ ਨੂੰ ਵਿੱਦਿਅਕ ਉੱਤਮਤਾ ਅਤੇ ਸਮਾਵੇਸ਼ੀ ਵਿਕਾਸ ਵਿੱਚ ਮਾਪਦੰਡ ਸਥਾਪਤ ਕਰਨ ਲਈ ਸਮਰੱਥ ਬਣਾਉਣਗੇ।ਉਦਘਾਟਨੀ ਸੈਸ਼ਨ ਤੋਂ ਬਾਅਦ, ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮਾਹਿਰਾਂ ਅਤੇ ਵਾਈਸ ਚਾਂਸਲਰ ਅਤੇ ਡਾਇਰੈਕਟਰਾਂ ਨਾਲ ਇੱਕ ਗੋਲ-ਮੇਜ਼ ਚਰਚਾ ਵੀ ਕੀਤੀ ਗਈ। ਹਰੇਕ ਵਾਈਸ ਚਾਂਸਲਰ ਅਤੇ ਡਾਇਰੈਕਟਰ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ-ਆਪਣੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕੀਤਾ।

 

Related posts

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

punjabusernewssite

ਕੇਂਦਰੀ ਯੂਨੀਵਰਸਿਟੀ ਵਿਖੇ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤ

punjabusernewssite

ਸਰਕਾਰੀ ਹਾਈ ਸਕੂਲ ਬੱਲੋ ਵਿਖੇ ਲੱਗਿਆ ਸਕਾਊਟ ਤੇ ਗਾਈਡਜ਼ ਕੈਂਪ

punjabusernewssite