ਜਿੱਤੀ ਸਰਪੰਚ ਨੂੰ 271 ਤੇ ਨੋਟਾਂ ਨੂੰ ਪਈਆਂ 406 ਵੋਟਾਂ
ਤਰਨਤਾਰਨ, 17 ਅਕਤੂਬਰ: ਦੋ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ ਕਈ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਹਨ। ਕਿਸੇ ਥਾਂ ਸਖਤ ਮੁਕਾਬਲੇ ਦੇ ਵਿੱਚ ਇੱਕ ਇੱਕ ਵੋਟਾਂ ਦੇ ਨਾਲ ਉਮੀਦਵਾਰ ਸਰਪੰਚੀ ਜਿੱਤਣ ਵਿੱਚ ਸਫਲ ਰਹੇ ਹਨ ਪ੍ਰੰਤੂ ਤਰਨ ਤਰਨ ਜਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਜੋਧਪੁਰ ਵਿੱਚ ਇੱਕ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਾਗਜ ਰੱਦ ਕਰਨ ਤੋਂ ਨਰਾਜ਼ ਪਿੰਡ ਵਾਸੀਆਂ ਨੇ ਨੋਟਾਂ ਨੂੰ ਹੀ ਸਰਪੰਚ ਬਣਾ ਦਿੱਤਾ। ਜੀ ਹਾਂ, ਇਸ ਪਿੰਡ ਦੇ ਲੋਕਾਂ ਨੇ ਕੁੱਲ ਪੋਲ ਹੋਈਆਂ 934 ਵੋਟਾਂ ਵਿੱਚੋਂ 406 ਵੋਟਾਂ ਨੋਟਾਂ ਨੂੰ ਪਾਈਆਂ ਹਨ ਜਦੋਂ ਕਿ ਜੇਤੂ ਕਰਾਰ ਦਿੱਤੀ ਗਈ ਸਰਪੰਚ ਬਲਵਿੰਦਰ ਕੌਰ ਨੂੰ ਸਿਰਫ 271 ਵੋਟਾਂ ਹੀ ਮਿਲੀਆਂ ਹਨ। ਇਸ ਤੋਂ ਇਲਾਵਾ ਉਹਨਾਂ ਦੇ ਮੁਕਾਬਲੇ ਖੜੀ ਰਾਣੀ ਕੌਰ ਨੂੰ 227 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਹੈ।
ਇਹ ਵੀ ਪੜ੍ਹੋ: ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦਾ ਮੁੱਦਾ: ਪੰਥਕ ਜਥੇਬੰਦੀਆਂ ਨੇ ਸੱਦਿਆ ਇਕੱਠ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਦੇ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਭਾਰੀ ਰੋਸ ਸੀ। ਹਾਲਾਂਕਿ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਸਹਿਤ ਉੱਚ ਅਧਿਕਾਰੀਆਂ ਕੋਲ ਵੀ ਪਹੁੰਚ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਣ ਦੇ ਚਲਦੇ ਮੁੜ ਇਹਨਾਂ ਵੱਲੋਂ ਪਿੰਡ ਦੇ ਵਿੱਚ ਨੋਟਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਕਰੀਬ ਅੱਧੀਆਂ ਵੋਟਾਂ ਦੇ ਹੱਕ ਵਿੱਚ ਚਲੀਆਂ ਗਈਆਂ। ਹੁਣ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ। ਕਿ ਚੋਣ ਕਮਿਸ਼ਨ ਪਿੰਡ ਦੇ ਲੋਕਾਂ ਵੱਲੋਂ ਨੋਟਾਂ ਨੂੰ ਪਾਈਆਂ ਵੋਟਾਂ ਨੂੰ ਧਿਆਨ ਵਿੱਚ ਰੱਖਦਿਆਂ ਦੁਬਾਰਾ ਚੋਣ ਕਰਵਾਉਣ ਤਾਂ ਕਿ ਪਿੰਡ ਦੇ ਲੋਕਾਂ ਦੀ ਪਸੰਦ ਦਾ ਉਮੀਦਵਾਰ ਚੁਣਿਆ ਜਾ ਸਕੇ।