ਮੋਗਾ, 25 ਅਕਤੂਬਰ: ਦੋ ਦਿਨ ਪਹਿਲਾਂ ਮੋਗਾ ਪੁਲਿਸ ਵੱਲੋਂ ਆਪਣੇ ਹੀ ਜ਼ਿਲ੍ਹੇ ਦੇ ਇੱਕ ਥਾਣੇ ਦੀ ਮਹਿਲਾ SHO ਅਤੇ ਉਸਦੇ ਸਾਥੀਆਂ ਵਿਰੁਧ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿਚ ਦਰਜ਼ ਕੀਤੇ ਮਾਮਲੇ ਵਿਚ ਹੁਣ ਨਵਾਂ ਮੋੜ ਆਉਂਦਾ ਦਿਖ਼ਾਈ ਦੇ ਰਿਹਾ। ਇਸ ਮਹਿਲਾ SHO ਨੇ ਬੀਤੀ ਅੱਧੀ ਰਾਤ ਆਪਣੇ ਸੋਸਲ ਮੀਡੀਆ ਅਕਾਉਂਟ ਫ਼ੇਸਬੁੱਕ ਪੇਜ਼ ‘ਤੇ ਪਾਈ ਇੱਕ ਪੋਸਟ ਵਿਚ ਆਪਣੇ ਵਿਰੁਧ ਝੂਠਾ ਪਰਚਾ ਦਰਜ਼ ਕਰਨ ਦੇ ਦੋਸ਼ ਲਗਾਉਂਦਿਆਂ ਇੱਕ ਡੀਐਸਪੀ ਅਤੇ ਇੱਕ ਹੋਰ ਸੀਨੀਅਰ ਅਧਿਕਾਰੀ ’ਤੇ ਗੰਭੀਰ ਇਲਾਜ਼ ਲਗਾਏ ਹਨ। ਕੋਟ ਈਸੇ ਖ਼ਾਂ ਥਾਣੇ ਦੀ ਇਸ ਮਹਿਲਾ SHO ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦਾਅਵਾ ਕੀਤਾ ਹੈ ਕਿ ‘‘ਉਸਦੇ ਖਿਲਾਫ ਝੂਠਾ ਅਤੇ ਬੇਤੁਕਾ ਮਾਮਲਾ ਦਰਜ ਕੀਤਾ ਗਿਆ ਹੈ। ਮੈਂ ਹੈਰਾਨ ਹਾਂ ਕਿ ਡੀਐਸਪੀ ਨੂੰ ਬਚਾਉਣ ਲਈ ਕੰਮ ਵਾਲੀ ਥਾਂ ’ਤੇ ਜਿਨਸੀ ਛੇੜਖਾਨੀ ਦੀ ਕੋਸ਼ਿਸ਼ ਝੂਠੀ ਐਫਆਈਆਰ ਵਿੱਚ ਕਿਵੇਂ ਬਦਲ ਗਈ।’’
ਇਹ ਵੀ ਪੜ੍ਹੋ:ਜਲੰਧਰ ਤੋਂ ਬਾਅਦ ਜਿਮਨੀ ਚੋਣਾਂ ’ਚ ਅਕਾਲੀ ਦਲ ਵੱਲੋਂ ‘ਪੈਰ’ ਪਿਛਾਂਹ ਖਿੱਚਣ ‘ਤੇ ਮੁੜ ਉੱਠੇ ਸਵਾਲ! ਹੁਣ ਕਿਸਦੀ ਕਰਨਗੇ ਮੱਦਦ?
ਉਸਨੇ ਅੱਗੇ ਲਿਖਿਆ ਹੈ ਕਿ ਕਾਸ਼ ਮੈਂ ਇਸ ਨੂੰ ਸਮੇਂ ਸਿਰ ਡੀਜੀਪੀ ਸਾਹਿਬ, ਐਸਐਸਪੀ ਸਾਹਿਬ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਹੁੰਦਾ। ਪ੍ਰੰਤੂ ਮੈਂ ਸ਼ਾਂਤ ਸੀ, ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਅਤੇ ਪਿਛਲੇ 10 ਸਾਲਾਂ ਤੋਂ ਪੁਲਿਸ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ, ਮੈਂ ਐਸਐਸਪੀ ਸਾਹਿਬ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਹ ਪਹਿਲਾਂ ਹੀ ਐਸਪੀ ਅਤੇ ਡੀਐਸਪੀ ਦੀਆਂ ਗੱਲਾਂ ਵਿਚ ਆ ਚੁੱਕੇ ਸਨ। ਇਸ ਮਹਿਲਾ ਅਫ਼ਸਰ ਨੇ ਆਪਣੇ ਹੀ ਸੀਨੀਅਰ ਅਫਸਰਾਂ ਉਪਰ ਗਲਤ ਕੰਮ ਕਰਨ ਲਈ ਦਬਾਅ ਪਾਉਣ ਦੇ ਦੋਸ਼ ਲਗਾਉਂਦਿਆਂ ਆਪਣੇ ਵੱਲੋਂ ਆਪਣੇ ਥਾਣੇ ਵਿਚ ਦਰਜ਼ ਇੱਕ ਡੀਡੀਆਰ ਦੀ ਕਾਪੀ ਵੀ ਨਾਲ ਨੱਥੀ ਕੀਤੀ ਹੈ, ਜਿਸ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੇ ਇੱਕ ਬਹੁਚਰਚਿਤ ਕੇਸ ਵਿਚ ਨਾਮਜਦ ਚਾਰ ਮੁਲਜਮਾਂ ਨੂੰ ਕੇਸ ਵਿਚੋਂ ਬਾਹਰ ਕੱਢਣ ਬਾਰੇ ਵੇਰਵੇ ਹਨ।
ਇਹ ਵੀ ਪੜ੍ਹੋ:ਗਿੱਦੜਬਾਹਾ ਦੇ ਚੇਅਰਮੈਨ ਪ੍ਰਿਤਪਾਲ ਸਰਮਾ ਨੇ ਪਾਰਟੀ ਨੂੰ ਕਿਹਾ ਅਲਵਿਦਾ
ਅਰਸ਼ਪ੍ਰੀਤ ਕੌਰ ਗਰੇਵਾਲ ਨੇ ਆਪਣੇ ਵਿਰੁਧ ਦਰਜ਼ ਮਾਮਲੇ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ, ਮਹਿਲਾ ਕਮਿਸ਼ਨਰ ਅਤੇ ਹਾਈਕੋਰਟ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਮੋਗਾ ਪੁਲਿਸ ਵੱਲੋਂ ਇਸ ਮਹਿਲਾ ਐਸਐਚਓ ਤੋਂ ਇਲਾਵਾ ਇਸਦੇ ਥਾਣੇ ਦੇ ਮੁੱਖ ਮੁਨਸ਼ੀ ਅਤੇ ਇੱਕ ਪੁਲਿਸ ਚੌਕੀ ਦੇ ਮੁਨਸ਼ੀ ਵਿਰੁਧ 5 ਲੱਖ ਰੁਪਏ ਲੈ ਕੇ ਤਿੰਨ ਕਿਲੋਂ ਅਫ਼ੀਮ ਤਸਕਰਾਂ ਨੂੰ ਛੱਡਣ ਦੇ ਗੰਭੀਰ ਇਲਾਜਮਾਂ ਤਹਿਤ ਪਰਚਾ ਦਰਜ਼ ਕੀਤਾ ਸੀ। ਇਸਦੇ ਨਾਂਲ ਹੀ ਛੱਡੇ ਗਏ ਤਸਕਰਾਂ ਨੂੰ ਵੀ ਨਾਮਜਦ ਕਰ ਲਿਆ ਸੀ। ਇਹ ਮਾਮਲਾ ਹੁਣ ਪੂਰੇ ਪੰਜਾਬ ਦੀ ਪੁਲਿਸ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਧਰ ਸੀਨੀਅਰ ਅਧਿਕਾਰੀਆਂ ਵਿਰੁਧ ਲੱਗੇ ਦੋਸ਼ਾਂ ਬਾਰੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਫ਼ਿਲਹਾਲ ਕੁੱਝ ਕਹਿਣ ਤੋਂ ਇੰਨਕਾਰ ਕਰ ਦਿੱਤਾ ਹੈ।
Share the post "ਨਸ਼ਾ ਤਸਕਰ ਨੂੰ ਬਚਾਉਣ ਦੇ ਕੇਸ ’ਚ ਨਾਮਜਦ SHO ਦੇ ਮਾਮਲੇ ਵਿਚ ਨਵਾਂ ਮੋੜ,SHO ਨੇ DSP ’ਤੇ ਲਗਾਏ ਗੰਭੀਰ ਇਲਾਜਮ"