ਅੰਮ੍ਰਿਤਸਰ, 27 ਅਕਤੂਬਰ: ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਖੁਫੀਆ ਜਾਣਕਾਰੀ ਦੇ ਆਧਾਰਤ ਬਾਰਡਰ ਪਾਰ ਤਂੋ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਵਿਦੇਸ਼-ਅਧਾਰਤ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਭੁੱਲਰ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 105 ਕਿਲੋਗ੍ਰਾਮ ਹੈਰੋਇਨ, 31.93 ਕਿਲੋ ਕੈਫੀਨ ਐਨਹਾਈਡਰਸ, 17 ਕਿਲੋ ਡੀ.ਐਮ.ਆਰ., 5 ਵਿਦੇਸ਼ੀ ਪਿਸਤੌਲ ਅਤੇ 1 ਦੇਸੀ ਕੱਟਾ ਬਰਾਮਦ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪਹਿਚਾਣ ਨਵਜੋਤ ਸਿੰਘ ਅਤੇ ਲਵਪ੍ਰੀਤ ਕੁਮਾਰ ਦੇ ਤੌਰ ’ਤੇ ਹੋਈ ਹੈ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਮੁੰਬਈ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬਾਬਾ ਸਿਦੀਕੀ ਕਤਲ ਕਾਂਡ ਦਾ ਮੁਲਜ਼ਮ ਗ੍ਰਿਫਤਾਰ
ਮਾਮਲੇ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਦਸਿਆ ਕਿ ਮੁਢਲੀ ਜਾਂਚ ਮੁਤਾਬਕ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਜਲ ਮਾਰਗ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸਦੇ ਚੱਲਦੇ ਟਾਇਰਾਂ ਦੀਆਂ ਵੱਡੀਆਂ ਰਬੜ ਦੀਆਂ ਟਿਊਬਾਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜੋ ਦਰਸਾਉਂਦੀਆਂ ਹਨ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਾਣੀ ਦੇ ਰਸਤੇ ਰਾਹੀਂ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਇਸ ਨਸ਼ਾ ਤਸਕਰੀ ਨੈਟਵਰਕ ਵਿਚ ਅਗਲੇਰੇ ਅਤੇ ਪਿੱਛਲੇ ਸਬੰਧ ਨੂੰ ਸਥਾਪਤ ਕਰਦਿਆਂ, ਨਸ਼ਾ ਤਸਕਰੀ ਵਿਚ ਸ਼ਾਮਲ ਹੋਰ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਲਈ ਜਾਂਚ ਜਾਰੀ ਹੈ।