ਸੁਖਜਿੰਦਰ ਮਾਨ
ਬਠਿੰਡਾ, 19 ਅਕਤੂਬਰ : ਦੋ ਦਿਨ ਪਹਿਲਾਂ ਸਿੰਘੂ ਬਾਰਡਰ ਉੱਤੇ ਇੱਕ ਨੌਜਵਾਨ ਦੇ ਹੋਏ ਕਤਲ ਕਾਂਡ ’ਚ ਉਚ ਪੱਧਰੀ ਮਾਮਲੇ ਦੀ ਜਾਂਚ ਮੰਗਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਲੋਕਾਂ ਸਾਹਮਣੇ ਸੱਚ ਲਿਆਉਣ ਲਈ ਕਿਹਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ‘‘ ਬਿਨਾਂ ਸ਼ੱਕ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਇਕ ਬੇਹੱਦ ਨਿੰਦਣਯੋਗ ਮਾਮਲਾ ਹੈ ਪਰ ਖ਼ੁਦ ਸਜ਼ਾ ਦੇਣਾ ਵੀ ਗਲਤ ਹੈ। ’’ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੀਡੀਆ ਵਿਚ ਜਾਰੀ ਤਸਵੀਰ ਅਨੁਸਾਰ ਨਿਹੰਗ ਅਮਨ ਸਿੰਘ ਕੇਂਦਰੀ ਹਕੂਮਤੀ ਹਲਕਿਆਂ ‘ਚ ਵਿਚਰਦਾ ਆ ਰਿਹਾ ਹੈ ਤੇ ਉਸ ਵੱਲੋਂ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਸਬੂਤਾਂ ਸਮੇਤ ਸਾਹਮਣੇ ਆ ਗਈਆਂ ਹਨ। ਇਸ ਫੋਟੋ ਵਿੱਚ ਪੁਲੀਸ ਕੈਟ ਵਜੋਂ ਬਦਨਾਮ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੁਲਾਕਾਤਾਂ ਦੇ ਸਾਜ਼ਿਸ਼ੀ ਮਕਸਦਾਂ ਵੱਲ ਇਸ਼ਾਰਾ ਕਰਦੀ ਹੈ।
ਆਗੂਆਂ ਨੇ ਸ਼ੱਕ ਜ਼ਾਹਰ ਕੀਤਾ ਕਿ ਇਹ ਕਿਸਾਨ ਸੰਘਰਸ਼ ਨੂੰ ਸਮੁੱਚੇ ਮੁਲਕ ਤੇ ਸੰਸਾਰ ਅੰਦਰ ਬਦਨਾਮ ਕੀਤੇ ਜਾਣ ਲਈ ਸਰਕਾਰ ਦੇ ਹੱਥ ਦਿੱਤਾ ਗਿਆ ਸਾਧਨ ਵੀ ਹੈ। ਇਸਦੀ ਆੜ ‘ਚ ਮੋਦੀ ਹਕੂਮਤ ਦੀ ਪ੍ਰਚਾਰ ਮਸ਼ੀਨਰੀ ਨੇ ਦੇਸ਼ ਭਰ ਅੰਦਰ ਸੰਘਰਸ਼ ਖਲਿਾਫ ਮਾਹੌਲ ਬਣਾਉਣ ਦਾ ਯਤਨ ਕੀਤਾ ਹੈ ਤੇ ਦਿੱਲੀ ਦੇ ਬਾਰਡਰਾਂ ਉੱਪਰ ਧਰਨਿਆਂ ‘ਤੇ ਬੈਠੇ ਸਮੁੱਚੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਾਲਮਾਨਾ ਬਿਰਤੀ ਵਾਲਿਆਂ ਵਜੋਂ ਪੇਸ਼ ਕਰਨ ਦੀ ਕੋਸਸਿ ਕੀਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਕ ਹੱਥ ਮੋਦੀ ਹਕੂਮਤ ਵੱਖ ਵੱਖ ਢੰਗਾਂ ਨਾਲ ਦਿੱਲੀ ਮੋਰਚਿਆਂ ਨੂੰ ਉਖਾੜ ਦੇਣ ਤੇ ਸੰਘਰਸ਼ ਨੂੰ ਕੁਚਲਣ ਲਈ ਰੱਸੇ ਪੈੜੇ ਵਟਣ ਲੱਗੀ ਹੋਈ ਹੈ। ਉਸ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲਖੀਮਪੁਰ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਲਗਾਤਾਰ ਵਿਸਾਲ ਰੋਸ ਐਕਸ਼ਨ ਚੱਲ ਰਹੇ ਹਨ ਅਤੇ ਦੁਨੀਆਂ ਭਰ ਅੰਦਰ ਮੋਦੀ ਸਰਕਾਰ ਦੀ ਇਸ ਜਾਲਮਾਨਾ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਅਜਿਹੇ ਸਮੇਂ ਇਹ ਘਟਨਾ ਲੋਕਾਂ ਦਾ ਧਿਆਨ ਪਾਸੇ ਭਟਕਾਉਣ ਦਾ ਜ਼ਰ੍ਹੀਆ ਵੀ ਬਣੀ ਹੈ।
ਕਿਸਾਨ ਆਗੂਆਂ ਨੇ ਕਿਹਾ ਨਿਹੰਗ ਜਥੇਬੰਦੀਆਂ ਕਦੇ ਵੀ ਸੰਘਰਸ਼ਸ਼ੀਲ ਕਿਸਾਨ ਪਲੇਟਫਾਰਮ ਦਾ ਹਿੱਸਾ ਨਹੀਂ ਸਨ ਤੇ ਨਾ ਹੀ ਹੁਣ ਹਨ। ਉਹ ਆਪਣੇ ਤੌਰ ‘ਤੇ ਇੱਥੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕਤਲ ਕੀਤੇ ਗਏ ਵਿਅਕਤੀ ਬਾਰੇ ਵੱਖ ਵੱਖ ਤਰ੍ਹਾਂ ਦੇ ਖੁਲਾਸੇ ਪੁਲੀਸ ਵੱਲੋਂ ਮਾਮਲੇ ਦੀ ਡੂੰਘੀ ਪੜਤਾਲ ਤੱਕ ਜਾਣ ਦੀ ਮੰਗ ਕਰਦੇ ਹਨ ਤੇ ਇਸ ਸਮੁੱਚੇ ਘਟਨਾਕ੍ਰਮ ਦੀ ਸਮੁੱਚੀ ਤਸਵੀਰ ਲੋਕਾਂ ਸਾਹਮਣੇ ਰੱਖਣ ਦੀ ਮੰਗ ਕਰਦੇ ਹਨ। ਸਰਕਾਰ ਨੂੰ ਪਹਿਲਾਂ ਕਹੀ ਜਾ ਰਹੀ ਬੇਅਦਬੀ ਹੋਣ ਜਾਂ ਨਾ ਹੋਈ ਹੋਣ ਬਾਰੇ ਵੀ ਅਤੇ ਕਤਲ ਕੀਤੇ ਗਏ ਵਿਅਕਤੀ ਬਾਰੇ ਵੀ ਅਸਲ ਤੱਥ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸੰਘਰਸ਼ਸ਼ੀਲ ਕਿਸਾਨਾਂ ਮਜਦੂਰਾਂ ਤੇ ਸਭਨਾਂ ਸੰਘਰਸ਼ ਹਿਤੈਸ਼ੀਆਂ ਨੂੰ ਅਜਿਹੀਆਂ ਪਾਟਕ-ਪਾਊ ਤੇ ਭਰਮਾਊ ਪ੍ਰਚਾਰ ਮੁਹਿੰਮਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਅਜਿਹੇ ਅਨਸਰਾਂ ਨੂੰ ਸਖਤੀ ਨਾਲ ਵਰਜਣਾ ਚਾਹੀਦਾ ਹੈ।
Share the post "ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ"