ਕਿਸਾਨਾਂ ਨੂੰ ਡੀਏਪੀ ਖਾਦ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ : ਡਿਪਟੀ ਕਮਿਸ਼ਨਰ
ਬਠਿੰਡਾ, 2 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਕਣਕ ਦੀ ਬੀਜਾਈ ਲਈ ਡੀਏਪੀ ਖ਼ਾਦ ਦੀ ਕਮੀ ਦੀਆਂ ਚਰਚਾਵਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਹਾੜੀ ਦੇ ਸੀਜ਼ਨ ਲਈ 22500 ਮੀਟ੍ਰਿਕ ਟਨ ਸਹਿਕਾਰੀ ਸੋਸਾਈਟੀਆਂ ਅਤੇ ਪ੍ਰਾਈਵੇਟ ਫਰਮਾਂ ਕੋਲ ਸਪਲਾਈ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਜ਼ਿਲ੍ਹੇ ਵਿਚ 2024-25 ਸੀਜ਼ਨ ਦੇ ਲਈ ਕੁੱਲ 35 ਹਜ਼ਾਰ ਮੀਟ੍ਰਿਕ ਟਨ ਦੀ ਲੋੜ ਹੈ, ਜਿਸ ’ਚੋਂ ਬਕਾਇਆ ਰਹਿੰਦੀ 15 ਨਵੰਬਰ ਤੱਕ ਪਹੁੰਚਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਚ ਡੀਏਪੀ ਖਾਦ ਦੇ ਮੱਦੇਨਜ਼ਰ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਹੈਲਪਲਾਈਨ ਨੰਬਰ ਜਲਦੀ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਸੌਂਦ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਕੀਤੀ ਅਪੀਲ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੈਸਟੀਸਾਈਡ ਡੀਲਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਖਾਦ ਦੀ ਫ਼ਾਲਤੂ ਸਟੋਰੇਜ ਨਾ ਕੀਤੀ ਜਾਵੇ, ਅਜਿਹਾ ਕਰਨ ’ਤੇ ਉਹਨਾਂ ਖਿਲਾਫ ਸਖਤ ਕਾਰਵਾਈ ਆਰੰਭੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਲਗਾਤਾਰ ਪੈਸਟੀਸਾਈਡ ਦੀਆਂ ਦੁਕਾਨਾਂ ਤੇ ਖਾਦਾਂ ਦੇ ਸਟੋਰਾਂ ਦੀ ਚੈਕਿੰਗ ਕਰਨਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਡਾਈ ਖਾਦ ਨਾਲ ਟੈਗਿੰਗ, ਵੱਧ ਰੇਟ, ਨੈਨੋ ਖਾਦ, ਸਲਫਰ, ਮਾਈਕੋਰੇਜਾ ਜਾਂ ਕੁਝ ਹੋਰ ਧੱਕੇ ਨਾਲ ਮਿਲ ਰਿਹਾ ਹੈ ਤਾਂ 1100 ਨੰਬਰ ’ਤੇ ਕਾਲ ਕਰੋ ਜਾਂ ਫਿਰ 98555-01076 ’ਤੇ ਵਟਸਐਪ ਕਰੋ।
ਇਹ ਵੀ ਪੜ੍ਹੋ:ਦੀਵਾਲੀ ਮੌਕੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪਏ ‘ਮੁਫ਼ਤ’ ਦੇ ਪਟਾਕੇ ਚਲਾਉਣੇ, ਕੀਤੇ ਲਾਈਨ ਹਾਜ਼ਰ, ਦੇਖੋ ਵੀਡੀਓ
ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ ਜਗਸੀਰ ਸਿੰਘ ਨੇ ਕਿਹਾ ਕਿ ਡੀ.ਏ.ਪੀ ਵਿਚ 46 ਫੀਸਦੀ ਫਾਸਫੋਰਸ ਅਤੇ 18 ਫੀਸਦੀ ਨਾਈਟਰੋਜਨ ਹੁੰਦੀ ਹੈ। ਇਕ ਹੋਰ ਖਾਦ ਐੱਨ ਪੀ ਕੇ (12:32:16) ਵਿਚ 32 ਫੀਸਦੀ ਫਾਸਫੋਰਸ ਅਤੇ 12 ਫੀਸਦ ਨਾਈਟਰੋਜਨ ਤੋਂ ਬਿਨਾਂ 16 ਫੀਸਦ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਕ ਬੋਰਾ ਡੀ ਏ ਪੀ ਪਿੱਛੇ ਡੇਢ ਬੋਰਾ ਐੱਨ ਪੀ ਕੇ (12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੀ.ਏ.ਪੀ. ਦੇ ਤੀਸਰੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੰਗਲ ਸੁਪਰਫਾਸਫੇਟ ਵਿਚ 16 ਫੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸਦੇ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫਸਲ ਨੂੰ ਮਿਲ ਸਕਦੀ ਹੈ।
ਇਹ ਵੀ ਪੜ੍ਹੋ:ਪਰਾਲੀ ਨੂੰ ਅੱਗ ਲਗਾਉਣ ਕਾਰਨ ਫ਼ਿਰੋਜਪੁਰ ’ਚ ਵਾਪਰਿਆਂ ਵੱਡਾ ਹਾਦਸਾ, ਤਿੰਨ ਨੌਜਵਾਨ ਝੁਲਸੇ
ਮਾਹਿਰਾਂ ਨੇ ਕਿਹਾ ਕਿ ਟਿ੍ਰਪਲ ਸੁਪਰ ਫਾਸਫੇਟ ਨੂੰ ਬਜ਼ਾਰ ਵਿਚ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ ਇਸ ਵਿਚ ਡੀ ਏ ਪੀ ਦੇ ਬਰਾਬਰ 46 ਫੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ। ਇਹ ਨਵੀਂ ਉੱਚ ਫਾਸਫੋਰਸ ਖਾਦ ਹੈ ਅਤੇ ਕਿਸਾਨ ਪਹਿਲੀ ਵਾਰ ਇਸ ਦੀ ਵਰਤੋਂ ਕਰ ਰਹੇ ਹਨ।ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਐੱਨ ਪੀ ਕੇ (12:32:16) ਡੀ ਏ ਪੀ ਦਾ ਸਭ ਤੋਂ ਵਧੀਆ ਬਦਲ ਹੋ ਸਕਦਾ ਹੈ ਕਿਉਂਕਿ ਇਸਦਾ ਡੇਢ ਬੋਰਾ ਲਗਭਗ ਉਹੀ ਫਾਸਫੋਰਸ ਅਤੇ ਨਾਈਟਰੋਜਨ ਸਮੱਗਰੀ ਦੀ ਸਪਲਾਈ ਕਰਦਾ ਹੈ ਜੋ ਡੀ.ਏ.ਪੀ ਦੇ ਬਰਾਬਰ ਹੈ ਅਤੇ ਇਸ ਤੋਂ ਇਲਾਵਾ ਇਹ 23 ਕਿਲੋਗ੍ਰਾਮ ਪੋਟਾਸ਼ ਵੀ ਦਿੰਦਾ ਹੈ। ਹੋਰ ਬਦਲਾਂ ਵਿਚ ਐੱਨ ਪੀ ਕੇ (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟਿ੍ਰਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਓ।
Share the post "ਬਠਿੰਡਾ ਦੀਆਂ ਸਹਿਕਾਰੀ ਸਭਾਵਾਂ ਤੇ ਪ੍ਰਾਈਵੇਟ ਫ਼ਰਮਾਂ ਕੋਲ ਪੁੱਜੀ 22500 ਮੀਟ੍ਰਿਕ ਟਨ ਡੀਏਪੀ :ਡੀ ਸੀ"