ਇੱਕ ਨੌਜਵਾਨ ਦੀ ਗਲ ਵਿਚ ਆਤਿਸ਼ਬਾਜੀ ਚੱਲਣ ਕਾਰਨ ਹੋਈ ਮੌਤ
ਬਠਿੰਡਾ/ਬਟਾਲਾ/ਰਾਏਕੋਟ/ਤਰਨਤਾਰਨ/ਡੇਰਾ ਬਾਬਾ ਨਾਨਕ, 2 ਨਵੰਬਰ: ਸੂਬੇ ਦੇ ਵਿਚ ਬੀਤੇ ਕੱਲ ਲੰਘੇ ਦਿਵਾਲੀ ਦੇ ਤਿਊਹਾਰ ਮੌਕੇ ਵੱਖ ਵੱਖ ਥਾਵਾਂ ‘ਤੇ ਪਟਾਕੇ ਚਲਾਉਣ ਅਤੇ ਪੰਚਾਇਤ ਚੋਣਾਂ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈਆਂ ਲੜਾਈਆਂ ਵਿਚ ਚਾਰ ਨੌਜਵਾਨਾਂ ਦੀ ਮੌਤ ਹੋਣ ਦੀਆਂ ਦੁਖਦਾਈ ਖ਼ਬਰਾਂ ਸਾਹਮਣੈ ਆਈਆਂ ਹਨ। ਪੰਜਾਬ ਭਰ ਵਿਚੋਂ ਮੁਹੱਈਆਂ ਹੋਈਆਂ ਸੂਚਨਾਵਾਂ ਮੁਤਾਬਕ ਇੰਨ੍ਹਾਂ ਕਤਲਾਂ ਪਿੱਛੇ ਪੰਚਾਇਤੀ ਚੋਣਾਂ ਦੌਰਾਨ ਪੈਦਾ ਹੋਈਆਂ ਰੰਜਿਸ਼ਾਂ ਨੇ ਵੀ ਦੀਵਾਲੀ ਮੌਕੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ’ਚ ਵਾਪਰੀ ਘਟਨਾ ਮੁਤਾਬਕ ਇੱਕ-ਦੂਜੇ ਦੇ ਘਰਾਂ ਕੋਲ ਉੱਚੀ ਅਵਾਜ਼ ‘ਚ ਡੈਕ ਲਗਾ ਕੇ ਸੁੱਟੇ ਜਾ ਰਹੇ ਪਟਾਕਿਆਂ ਦੇ ਕਾਰਨ ਦੋ ਧਿਰਾਂ ਵਿਚਕਾਰ ਵਿਵਾਦ ਵਧਿਆ, ਜਿਸਨੇ ਥੋੜੇ ਹੀ ਸਮੇਂ ਵਿਚ ਖ਼ੂਨੀ ਰੂਪ ਧਾਰਨ ਕਰ ਲਿਆ। ਇਸ ਦੌਰਾਨ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉਪਰ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਜਿਸਦੇ ਕਾਰਨ ਗਗਨਦੀਪ ਸਿੰਘ ਨਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦ ਕਿ ਦੋ ਜਣੇ ਗੋਲੀਆਂ ਲੱਗਣ ਕਾਰਨ ਗੰਭੀਰ ਜਖ਼ਮੀ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦੋਨਾਂ ਧਿਰਾਂ ਵਿਚਕਾਰ ਕੁੱਝ ਦਿਨ ਪਹਿਲਾਂ ਹੋਈਆਂ ਪੰਚਾਇਤ ਚੌਣਾਂ ਦੀ ਰੰਜਿਸ਼ ਵੀ ਸੀ। ਇੰਨ੍ਹਾਂ ਚੋਣਾਂ ਵਿਚ ਸੁਖਪਾਲ ਸਿੰਘ ਪੰਚਾਇਤ ਮੈਂਬਰ ਵਜੋਂ ਜਿੱਤਿਆ ਸੀ ਤੇ ਦੂਜੀ ਧਿਰ ਕਹੇ ਜਾਣ ਵਾਲੇ ਗੋਰਖੇ ਦਾ ਬੰਦ ਹਰ ਗਿਆ ਸੀ।
ਇਹ ਵੀ ਪੜ੍ਹੋ: ‘ਆਪ’ ਨੇ ਕਾਂਗਰਸ ਦੁਆਰਾ ਪੰਜਾਬ ‘ਚ ਸਕੂਲ ਸਿੱਖਿਆ ਦੇ ਬਣਾਏ ਉੱਚੇ ਪੱਧਰ ਨੂੰ ਕੀਤਾ ਤਬਾਹ: ਰਾਜਾ ਵੜਿੰਗ
ਡੀਐਸਪੀ ਹਿਨਾ ਗੁਪਤਾ ਨੇ ਦਸਿਆ ਕਿ ਘਟਨਾ ਦਾ ਪਤਾ ਚੱਲਦੇ ਹੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਮੁਲਜਮਾਂ ਨੂੂੰ ਕਾਬੂ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਰਾਜਾਸ਼ਾਸੀ ਹਲਕੇ ਵਿਚ ਆਉਂਦੇ ਪਿੰਡ ਕੋਟਲਾ ਡੂਮ ਵਿਚ ਵੀ ਪਟਾਕਿਆਂ ਪਿੱਛੇ ਹੋਈ ਲੜਾਈ ਤੋਂ ਬਾਅਦ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਹੀ ਆਪਣੇ ਪੱਖੀ ਇੱਕ ਧਿਰ ਦੀ ਮਦਦ ਕਰਦਿਆਂ ਦੂਜੀ ਧਿਰ ਉਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਇੱਕ ਨੌਜਵਾਨ ਕਸ਼ਮੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਲਜਮ ਦੱਸੇ ਜਾ ਰਹੇ ਸਰਪੰਚ ਨਿਸ਼ਾਨ ਸਿੰਘ ਨੇ ਰੋਕਣ ਗਏ ਕਸ਼ਮੀਰ ਸਿੰਘ ਦੇ ਸਿੱਧੀ ਮੂੰਹ ਵਿਚ ਗੋਲੀ ਮਾਰੀ ਦੱਸੀ ਜਾ ਰਹੀ ਹੈ। ਥਾਣਾ ਮੁਖੀ ਹਰਚੰਦ ਸਿੰਘ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਮੁਤਾਬਕ ਇਹ ਘਟਨਾ ਦੀਵਾਲੀ ਮੌਕੇ ਇੱਕ ਘਰ ਦੇ ਦਰਵਾਜ਼ੇ ਅੱਗੇ ਬੰਬ ਪਟਾਕਾ ਚਲਾਉਣ ਨੂੰ ਲੈ ਕੇ ਵਾਪਰੀ ਤੇ ਤਕਰਾਰਬਾਜ਼ੀ ਤੋਂ ਸ਼ੁਰੂ ਹੋਈ ਗੱਲ ਇੱਟਾਂ-ਰੋੜਿਆਂ ਤੋਂ ਹੁੰਦੀ ਹੋਈ ਗੋਲੀਆਂ ਤੱਕ ਪੁੱਜ ਗਈ। ਉਨ੍ਹਾਂ ਦਸਿਆ ਕਿ ਮੁਲਜਮ ਸਰਪੰਚ ਨਿਸ਼ਾਨ ਸਿੰਘ ਫ਼ਰਾਰ ਹੈ ਜਦਕਿ ਉਸਦੇ ਦੋ ਸਾਥੀ ਗ੍ਰਿਫਤਾਰ ਕਰ ਲਏ ਹਨ। ਤੀਜ਼ੀ ਘਟਨਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਵਿਖੇ ਵਾਪਰੀ ਹੈ, ਜਿੱਥੇ ਆਪਣੇ ਨਾਨਕੇ ਘਰ ਆਏ ਇੱਕ ਨੌਜਵਾਨ ਦੀ ਪਿੰਡ ਵਿਚ ਪਟਾਕੇ ਚਲਾ ਰਹੇ ਕੁੱਝ ਨੌਜਵਾਨਾਂ ਨਾਲ ਬਹਿਸ਼ਬਾਜੀ ਹੋ ਗਈ ਤੇ ਦੂਜੀ ਧਿਰ ਦੇ ਇੱਕ ਦਰਜ਼ਨ ਕਰੀਬ ਨੌਜਵਾਨਾਂ ਨੇ ਵਾਪਸੀ ਸਮੇਂ ਉਸਨੂੰ ਘੇਰ ਕੇ ਗੋਲੀ ਮਾਰ ਦਿੱਤੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਵੀਰ ਸਿੰਘ ਉਰਫ਼ ਭੋਲਾ ਵਾਸੀ ਨੁਸ਼ਿਹਾਰਾ ਢਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਦੀਵਾਲੀ ਦੀ ਰਾਤ ਪੁਲਿਸ ਮੁਕਾਬਲੇ ’ਚ ਆਪ ਆਗੂ ਕਤਲਕਾਂਡ ਦਾ ਮੁਲਜਮ ਹੋਇਆ ਜਖ਼ਮੀ
ਮ੍ਰਿਤਕ ਦੇ ਮਾਮੇ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਸਨੇ ਦੀਵਾਲੀ ਮੌਕੇ ਆਪਣੇ ਭਾਣਜੇ ਨੂੰ ਘਰ ਸੱਦਿਆ ਸੀ, ਇਸ ਦੌਰਾਨ ਉਸਨੇ ਕਿਸੇ ਹੋਰ ਦੋਸਤ ਦੇ ਘਰ ਪਾਰਟੀ ’ਤੇ ਜਾਣਾ ਸੀ। ਜਿਸਦੇ ਚੱਲਦੇ ਉਸਦਾ ਪੁੱਤਰ ਤੇ ਭਾਣਜਾ ਜਦ ਜਾ ਰਹੇ ਸਨ ਤਾਂ ਰਾਸਤੇ ਵਿਚ ਸੜਕ ’ਤੇ ਖੜ ਕੇ ਕੁੱਝ ਨੌਜਵਾਨ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਉਸਦੇ ਭਾਣਜੇ ਦੀ ਦੀ ਗੱਡੀ ਦਾ ਸ਼ੀਸਾ ਇੱਕ ਨੌਜਵਾਨ ਦੇ ਨਾਲ ਲੱਗ ਗਿਆ ਤੇ ਉਸਨੇ ਗਾਲ ਕੱਢ ਦਿੱਤੀ। ਦੋਨਾਂ ਵਿਚ ਕਾਫ਼ੀ ਬਹਿਸ ਹੋਈ ਪ੍ਰੰਤੂ ਉਸਦਾ ਭਾਣਜਾ ਮੌਕੇ ਤੋਂ ਚਲਿਆ ਗਿਆ ਪ੍ਰੰਤੂ ਜਦ ਵਾਪਸ ਆ ਰਿਹਾ ਸੀ ਤਾਂ ਰਾਸਤੇ ਵਿਚ ਉਨ੍ਹਾਂ ਨੌਜਵਾਨਾਂ ਨੇ ਘੇਰ ਉਸ ਨਾਲ ਹੱਥੋਂਪਾਈ ਕੀਤੀ ਤੇ ਜਦ ਭੋਲਾ ਗੱਡੀ ਵਿਚ ਬੈਠਣ ਲੱਗਿਆ ਤਾਂ ਇੱਕ ਜਣੇ ਨੇ ਉਸਦੇ ਸਿਰ ’ਤੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਦੇ ਹੀ ਵਾਪਰੇ ਇੱਕ ਹੋਰ ਮਾਮਲੇ ਵਿਚ ਲੁਧਿਆਣਾ ਦਿਹਾਤੀ ਜ਼ਿਲ੍ਹੇ ਵਿਚ ਪੈਂਦੀ ਰਾਏਕੋਟ ਸਬਡਿਵੀਜ਼ਨ ਦੇ ਪਿੰਡ ਪੰਡੋਰੀ ਦੇ ਇੱਕ ਨੌਜਵਾਨ ਦੀ ਉਸਦੇ ਪੁਰਾਣੇ ਹੀ ਦੋਸਤਾਂ ਵੱਲੋਂ ਦਿਵਾਲੀ ਮੌਕੇ ਸੱਦ ਕੇ ਪੁੜਪੜੀ ਵਿਚ ਗੋਲੀ ਮਾਰ ਕੇ ਕਤਲ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੁਲਜਮ ਇੱਕ ਕਿਸਾਨ ਜਥੇਬੰਦੀ ਦੇ ਵੱਡੇ ਆਗੂ ਦੱਸੇ ਜਾ ਰਹੇ ਹਨ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਹਰਦੀਪ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਅਮਨੇ ਦੀ ਪਹਿਲਾਂ ਜਸਪ੍ਰੀਤ ਢੱਟ ਤੇ ਦਲਵੀਰ ਛੀਨਾ ਉਰਫ਼ ਡੀਸੀ ਆਦਿ ਨਾਲ ਦੋਸਤੀ ਸੀ ਤੇ ਸਾਰੇ ਇਕੱਠੇ ਹੀ ਇੱਕ ਕਿਸਾਨ ਜਥੇਬੰਦੀ ਵਿਚ ਕੰਮ ਕਰਦੇ ਸਨ ਪ੍ਰੰਤੂ ਕੁੱਝ ਸਮਾਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਮਨਮੁਟਾਵ ਹੋ ਗਿਆ ਸੀ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਪੁਲਿਸ ਮੁਲਾਜਮਾਂ ਨੂੰ ਮਹਿੰਗੇ ਪਏ ‘ਮੁਫ਼ਤ’ ਦੇ ਪਟਾਕੇ ਚਲਾਉਣੇ, ਕੀਤੇ ਲਾਈਨ ਹਾਜ਼ਰ, ਦੇਖੋ ਵੀਡੀਓ
ਦੀਵਾਲੀ ਮੌਕੇ ਮੁਲਜਮ ਜਸਪ੍ਰੀਤ ਢੱਟ ਹੋਰਾਂ ਨੇ ਇਹ ਮਨਮੁਟਾਵ ਦੂਰ ਕਰਨ ਦੇ ਲਈ ਅਮਨੇ ਨੂੰ ਸੱਦਿਆ ਸੀ ਪ੍ਰੰਤੂ ਜਾਂਦੇ ਸਾਰ ਹੀ ਉਸਦੀ ਪੁੜਪੜੀ ਵਿਚ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਰਦੀਪ ਸਿੰਘ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਦੀਵਾਲੀ ਮੌਕੇ ਵਾਪਰੀ ਇੱਕ ਹੋਰ ਘਟਨਾ ਵਿਚ ਡੇਰਾ ਬਾਬਾ ਨਾਨਕ ਹਲਕੇ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜ਼ਾਜਨ ਵਿਚ ਇੱਕ ਨੌਜਵਾਨ ਦੀ ਦੀਵਾਲੀ ਮੌਕੇ ਗਲ ਵਿਚ ਆਤਿਸ਼ਬਾਜ਼ੀ ਵੱਜਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਉਰਫ਼ ਲਾਲੀ ਆਪਣੇ ਘਰ ਦੀਵਾਲੀ ਮਨਾ ਰਿਹਾ ਸੀ ਕਿ ਅਚਾਨਕ ਇੱਕ ਆਤਿਸ਼ਬਾਜੀ ਸਿੱਧੀ ਆ ਕੇ ਉਸਦੇ ਗਲ ਉਪਰ ਵੱਜੀ, ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ। ਉਸਨੂੰ ਜਦ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ਵਿਚ ਉਸਦੀ ਮੌਤ ਹੋ ਗਈ।
Share the post "ਪੰਜਾਬ ’ਚ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਹੋਈਆਂ ਲੜਾਈਆਂ ਵਿਚ 4 ਨੌਜਵਾਨਾਂ ਦਾ ਹੋਇਆ ਕ+ਤਲ"