ਫ਼ਰੀਦਕੋਟ, 3 ਨਵੰਬਰ: ਸੂਬੇ ਵਿਚ ਝੋਨੇ ਦੀ ਕਟਾਈ ਦੇ ਸੀਜ਼ਨ ’ਚ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਖੇਤੀਬਾੜੀ ਤੇ ਸਿਵਲ ਪ੍ਰਸ਼ਾਸਨ ਪੂਰੀ ਵਾਹ ਲਾ ਰਿਹਾ,ਉਥੇ ਹੁਣ ਪੁਲਿਸ ਵੀ ਮੈਦਾਨ ’ਚ ਆ ਗਈ ਹੈ। ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਥਾਣਾ ਮੁਖੀਆਂ ਤੋਂ ਲੈ ਕੇ ਐਸ.ਐਸ.ਪੀ ਤੱਕ ਖੇਤਾਂ ਵਿਚ ਨਿਕਲੇ ਹੋਏ ਹਨ।
ਇਹ ਵੀ ਪੜ੍ਹੋ:ਪੰਜਾਬ ’ਚ ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਕੇ ਹੋਈਆਂ ਲੜਾਈਆਂ ਵਿਚ 4 ਨੌਜਵਾਨਾਂ ਦਾ ਹੋਇਆ ਕ+ਤਲ
ਪੁਲਿਸ ਅਧਿਕਾਰੀਆਂ ਵੱਲੋਂ ਇੱਕ ਪਾਸੇ ਜਿੱਥੇ ਖੇਤਾਂ, ਅਨਾਜ਼ ਮੰਡੀਆਂ ਤੇ ਸੱਥਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀਆ ਅਪੀਲਾਂ ਕੀਤੀਆਂ ਜਾ ਰਹੀਆਂ ਹਨ, ਉਥੇ ਦੂਜੇ ਪਾਸੇ ਖੇਤਾਂ ਵਿਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦਾ ਪਤਾ ਲੱਗਣ ’ਤੇ ਮੌਕੇ ਉਪਰ ਪੁੱਜ ਕੇ ਅੱਗ ਨੂੰ ਬੁਝਾਇਆ ਵੀ ਜਾ ਰਿਹਾ। ਇਸੇ ਤਰ੍ਹਾਂ ਫ਼ਰੀਦਕੋਟ ਜ਼ਿਲ੍ਹੇ ਵਿਚ ਵੀ ਜ਼ਿਲ੍ਹਾ ਪੁਲਿਸ ਕਪਤਾਨ ਡਾ ਪ੍ਰਗਿੱਆ ਜੈਨ ਦੀ ਅਗਵਾਈ ਹੇਠ ਪੁਲਿਸ ਪਾਰਟੀਆਂ ਵੱਲੋਂ ਪੂਰੀ ਮਸਤੈਦੀ ਵਰਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਕਿਸਾਨ ਜਥੈਬੰਦੀ ਉਗਰਾਹਾ ਵੱਲੋਂ ਬਠਿੰਡਾ ’ਚ ਟੋਲ ਪਲਾਜ਼ਿਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਜਾਰੀ
ਬੀਤੇ ਕੱਲ ਪਿੰਡ ਅਰਾਈਆਵਲਾ ਵਿਖੇ ਖੇਤਾਂ ‘ਚ ਲੱਗੀ ਅੱਗ ਨੂੰ ਬੁਝਾਉਣ ਲਈ ਖ਼ੁਦ ਐਸ.ਐਸ.ਪੀ ਡਾ ਜੈਨ ਅਤੇ ਡਿਪਟੀ ਕਮਿਸ਼ਨਰ ਮੌਕੇ ’ਤੇ ਪੁੱਜੇ ਅਤੇ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਅੱਗ ਨੂੰ ਬੁਝਾਇਆ। ਇਸੇ ਤਰ੍ਹਾਂ ਡੀਐਸਪੀ ਰਾਜ ਕੁਮਾਰ ਤੇ ਜਤਿੰਦਰ ਸਿੰਘ ਦੀ ਅਗਵਾਈ ਹੇਠ ਵੀ ਵੱਖ ਵੱਖ ਥਾਵਾਂ ‘ਤੇ ਖੇਤਾਂ ਵਿਚ ਲੱਗੀ ਹੋਈ ਅੱਗ ਨੂੰ ਬੁਝਾਇਆ ਗਿਆ। ਵੱਡੀ ਗੱਲ ਇਹ ਵੀ ਹੈ ਕਿ ਖੁਦ ਪੁਲਿਸ ਅਧਿਕਾਰੀ ਵੀ ਅੱਗ ਬੁਝਾਉਣ ਲਈ ਖੇਤਾਂ ਵਿਚ ਭੱਜਨੱਠ ਕਰਦੇ ਦੇਖੇ ਜਾ ਸਕਦੇ ਹਨ।