ਮਲੂਕਾ ਧੜਾ ਰਿਹਾ ਨਦਾਰਦ, ਨਹੀਂ ਮਿਲੀ ਕੋਈ ਜਿੰਮੇਵਾਰੀ
ਰਾਜਪੁਰਾ,10 ਨਵੰਬਰ: ਪੰਜਾਬ ਕਬੱਡੀ ਐਸੋਸੀਏਸ਼ਨ ਦੀ ਬੀਤੇ ਕੱਲ ਇੱਥੇ ਇੱਕ ਹੋਟਲ ਵਿਚ ਹੋਈ ਚੋਣ ’ਚ ਉੱਘੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਹਲਕਾ ਵਿਧਾਇਕ ਗੁਰਲਾਲ ਸਿੰਘ ਘਨੌਰ ਸਰਬਸੰਮਤੀ ਨਾਲ ਪ੍ਰਧਾਨ ਅਤੇ ਕਬੱਡੀ ਪ੍ਰੇਮੀ ਤੇਜਿੰਦਰ ਸਿੰਘ ਮਿੱਡੂਖੇੜਾ ਜਨਰਲ ਸਕੱਤਰ ਚੁਣੇ ਗਏ ਹਨ। ਮੁੱਖ ਚੋਣ ਅਧਿਕਾਰੀ ਦਲ ਸਿੰਘ ਬਰਾੜ ਦੀ ਅਗਵਾਈ ਹੇਠ ਚੋਣ ਆਬਜ਼ਰਵਰ ਉਪਕਾਰ ਸਿੰਘ ਵਿਰਕ ਅਤੇ ਜ਼ਿਲਾ ਖੇਡ ਅਫ਼ਸਰ ਹਰਪਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਚੋਣ ਵਿਚ ਪੰਜਾਬ ਦੇ ਕੁੱਲ 23 ਜ਼ਿਲਿ੍ਹਆਂ ਵਿਚੋਂ 18 ਜ਼ਿਲਿ੍ਹਆਂ ਦੇ 36 ਅਹੁੱਦੇਦਾਰ ਸ਼ਾਮਲ ਹੋਏ ਤੇ ਸਮੂਹ ਅਹੁੱਦੇਦਾਰਾਂ ਨੇ ਸਰਬਸੰਮਤੀ ਨੂੰ ਤਰਜੀਹ ਦਿੰਦਿਆਂ ਗੁਰਲਾਲ ਘਨੌਰ ਤੇ ਤੇਜਿੰਦਰ ਮਿੱਡੂਖੇੜਾ ਵੱਲੋਂ ਕਬੱਡੀ ਨੂੰ ਉੱਚਾ ਚੁੱਕਣ ਵਿਚ ਪਾਏ ਯੋਗਦਾਨ ਨੂੰ ਦੇਖਦਿਆਂ ਮੁੱਖ ਅਹੁੱਦਿਆਂ ’ਤੇ ਚੁਣ ਲਿਆ।
ਇਹ ਵੀ ਪੜ੍ਹੋਨਾਜਾਇਜ਼ ਮਾਈਨਿੰਗ ਵਿਰੁਧ ਸਰਕਾਰ ਦੀ ਸਖ਼ਤੀ:ਵਿਜੀਲੈਂਸ ਨੇ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਰਾਜਸਥਾਨ ਤੋਂ ਚੁੱਕਿਆ
ਇਸਤੋਂ ਇਲਾਵਾ ਇਕਬਾਲ ਸਿੰਘ ਤੇ ਬਲਜੀਤ ਸਿੰਘ ਸੀਨੀਅਰ ਉਪ ਪ੍ਰਧਾਨ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ ਤੇ ਭੁਪਿੰਦਰ ਸਿੰਘ ਨੂੰ ਉਪ ਪ੍ਰਧਾਨ, ਇਸੇ ਤਰ੍ਹਾਂ ਬਲਜੀਤ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ ਤੇ ਜਸਕਰਨ ਕੌਰ ਨੂੰ ਜੁਆਇੰਟ ਸਕੱਤਰ ਅਤੇ ਖ਼ਜਾਨਚੀ ਦੀ ਜਿੰਮੇਵਾਰੀ ਚਰਨ ਸਿੰਘ ਨੂੰ ਦਿੱਤੀ ਗਈ। ਉਧਰ ਇਸ ਚੋਣ ਵਿਚ ਇੱਕ ਵਿਲੱਖਣ ਰੰਗ ਇਹ ਵੀ ਦੇਖਣ ਨੂੰ ਮਿਲਿਆ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਬੇਤਾਜ਼ ਬਾਦਸ਼ਾਹ ਰਹੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਧੜੇ ਨੂੰ ਕੋਈ ਜਿੰਮੇਵਾਰੀ ਨਹੀਂ ਮਿਲੀ। ਹਾਲਾਂਕਿ ਦੋ ਮਹੀਨੇ ਪਹਿਲਾਂ ਬਠਿੰਡਾ ’ਚ ਰੱਖੀ ਚੋਣ ਵਿਚ ਚੱਲੀ ਚਰਚਾ ਮੁਤਾਬਕ ਸ: ਮਲੂਕਾ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਹ ਚੋਣ ਵਿਵਾਦਾਂ ਦੀ ਭੇਂਟ ਚੜਦਿਆਂ ਰੱਦ ਹੋ ਗਈ ਸੀ। ਜਿਸਤੋਂ ਬਾਅਦ ਹੁਣ ਨਵੇਂ ਸਿਰਿਓ ਚੋਣ ਰੱਖੀ ਗਈ ਸੀ। ਇਸ ਚੋਣ ਨੂੰ ਨੇਪਰੇ ਚਾੜਣ ਵਿਚ ਐਸੋਸੀਏਸ਼ਨ ਦੇ ਪ੍ਰਮੁੱਖ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਦਾ ਵੱਡਾ ਹੱਥ ਰਿਹਾ।
Gurlal Ghanaur
Share the post "MLA ਗੁਰਲਾਲ ਘਨੌਰ ਪ੍ਰਧਾਨ ਤੇ ਤੇਜਿੰਦਰ ਸਿੰਘ ਮਿੱਡੂਖੇੜਾ ਬਣੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜਨਰਲ ਸਕੱਤਰ"