ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਵਿਧਾਇਕ ਦੀ ਤੁਰੰਤ ਗਿ੍ਰਫਤਾਰੀ ਹੋਵੇ : ਸੁਖਬੀਰ ਬਾਦਲ

0
14

ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ : ਬੀਤੇ ਦਿਨ ਭੋਆ ਦੇ ਵਿਧਾਇਕ ਜੋਗਿੰਦਰਪਾਲ ਵਲੋਂ ਸਵਾਲ ਪੁੱਛਣ ’ਤੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਚੰਨੀ ਸਰਕਾਰ ਨੂੰ ਘੇਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਕਤ ਵਿਧਾਇਕ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਹੈ। ਅੱਜ ਇੱਥੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ‘‘ਵਿਧਾਇਕ ਨੁੰ ਕਾਰਗੁਜ਼ਾਰੀ ਬਾਰੇ ਸਵਾਲ ਪੁੱਛਣ ਵਾਲੇ ਐਸ ਸੀ ਭਾਈਚਾਰੇ ਦੇ ਨੌਜਵਾਨ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਲੋਕਾਂ ਵਿਚ ਉਭਰੇ ਨਾਲ ਉਹਨਾਂ ਦੀ ਸਰਕਾਰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ।’’ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਧੋਖਾ ਖਾਣ ਤੋਂ ਬਾਅਦ ਲੋਕ ਮਾਯੂਸੀ ਵਿਚ ਹਨ। ਉਹਨਾਂ ਕਿਹਾ ਕਿ ਬਜਾਏ ਲੋਕਾਂ ਦੀ ਗੱਲ ਸੁਣਨ ਦੇ ਕਾਂਗਰਸੀ ਆਗੂ ਹਿੰਸਾ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਕਰ ਰਹੇ ਹਨ। ਇਸ ਮੌਕੇ ਉਹਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦਾ ਖ਼ਜਾਨਾ ਭਰਿਆ ਹੋਣ ਬਾਰੇ ਕੀਤੇ ਦਾਅਵੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਉਸ ਕੋਲ ਫੰਡਾਂ ਦੀ ਕੋਈ ਤੋਟ ਨਹੀਂ ਹੈ ਤਾਂ ਫਿਰ ਸਰਕਾਰ ਨੁੰ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ, ਘਰ ਘਰ ਰੋਜ਼ਗਾਰ, ਬੇਰੋਜ਼ਗਾਰ ਨੌਜਵਾਨਾਂ ਲਈ 2500 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਅਤੇ ਸ਼ਗਨ ਸਕੀਮ ਤਹਿਤ 51000 ਰੁਪਏ ਦੀ ਰਾਸ਼ੀ ਦੀ ਵੰਡ ਤੁਰੰਤ ਸ਼ੁਰੂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਅਜਿਹਾ ਕਰਨ ਦੇ ਚੰਨੀ ਰੋਜ਼ਾਨਾ ਆਧਾਰ ’ਤੇ ਤਸਵੀਰਾਂ ਖਿੱਚਵਾਉਣ ’ਤੇ ਜ਼ੋਰ ਦੇ ਰਹੇ ਹਨ। ਸ ਬਾਦਲ ਨੈ ਮੁੱਖ ਮੰਤਰੀ ਨੁੰ ਕਿਹਾ ਕਿ ਉਹ ਕਾਂਗਰਸ ਦੀ ਅੰਦਰੂਨੀ ਲੜਾਈ ਵਿਚ ਰੁੱਝੇ ਰਹਿਣ ਦੀ ਥਾਂ ਲੋਕਾਂ ਦੀ ਲੜਾਈ ਲੜਨ। ਉਹਨਾਂ ਕਿਹਾ ਕਿ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ ਵਾਂਗ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੇਂਦਰ ਸਰਕਾਰ ਦੇ ਨਾਲ ਰਲ ਗਏ ਸਨ ਤੇ ਉਹ ਤਿੰਨ ਨਫਰਤ ਭਰੇ ਖੇਤੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਰਹੇ ਹਨ ਜਦਕਿ ਚੰਨੀ ਨੇ ਕੇਂਦਰ ਸਰਕਾਰ ਨੁੰ ਸੂਬੇ ਦੇ ਤਕਰੀਬਨ ਅੱਧੇ ਹਿੱਸੇ ਵਿਚ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਬਲਾਂ ਦਾ ਕਬਜ਼ਾ ਕਰਨ ਕਰਵਾਉਣ ਲਈ ਸਹਿਮਤੀ ਦੇ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸਰੂਪ ਚੰਦ ਸਿੰਗਲਾ, ਜਗਮੀਤ ਸਿੰਘ ਬਰਾੜ ਤੇ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here