ਬਠਿੰਡਾ, 22 ਨਵੰਬਰ: ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਜਥੇਬੰਦੀਆਂ ਦੇ ਸੱਦੇ ’ਤੇ 26 ਨਵੰਬਰ 2020 ਦਿੱਲੀ ਕੂਚ ਦੀ ਚੌਥੀ ਵਰ੍ਹੇਗੰਢ ਮੌਕੇ ਜਿਲ੍ਹਾ ਹੈਡ ਕੁਆਰਟਰਾਂ ’ਤੇ ਤੈਅ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਅੱਜ ਐਸਕੇਐਮ ਬਠਿੰਡਾ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਕੇਂਦਰ ਸਰਕਾਰ ਦਿੱਲੀ ਅੰਦੋਲਨ ਸਮੇਂ ਕੀਤੇ ਵਾਅਦਿਆਂ ਜਿਵੇਂ ਕਿ ਸਾਰੀਆਂ ਫਸਲਾਂ ’ਤੇ ਐਮ ਐਸ ਪੀ, ਸਵਾਮੀਨਾਥਨ ਰਿਪੋਰਟ ਅਨੁਸਾਰ ਭਾਅ ਦੇਣੇ,ਬਿਜਲੀ ਸੋਧ ਬਿੱਲ 202 ਨੂੰ ਰੱਦ ਕਰਨਾ, ਪ੍ਰਦੂਸ਼ਣ ਐਕਟ ਵਿੱਚੋਂ ਪ੍ਰਣਾਲੀ ਦੇ ਮੁੱਦੇ ਨੂੰ ਬਾਹਰ ਕੱਢਣਾ, ਸੰਪੂਰਨ ਕਿਸਾਨ ਮਜ਼ਦੂਰ ਕਰਜ਼ਾ ਮੁਕਤੀ ਆਦਿ ਨੂੰ ਮੁੱਕਰ ਚੁੱਕੀ ਹੈ।
ਇਸ ਤੋਂ ਇਲਾਵਾ ਮਜ਼ਦੂਰਾਂ ਦੇ ਚਾਰ ਲੇਬਰ ਕਾਨੂੰਨ ਰੱਦ ਕਰਨਾ, ਡੀ ਏ ਪੀ ਦੀ ਘਾਟ ਅਤੇ ਕਾਲਾ ਬਜਾਰੀ ਰੋਕਣਾ, ਝੋਨੇ ਦੀ ਕਾਟ ਲਾ ਕੇ ਜੋ ਕਿਸਾਨਾਂ ਦਾ ਘਾਟਾ ਪਿਆ ਉਸ ਨੂੰ ਵਾਪਸ ਕਰਵਾਉਣਾ, ਠੇਕਾ ਮੁਲਾਜ਼ਮਾਂ ਨੂੰ 26000 ਤਨਖਾਹ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨਾ ਆਦਿ ਨੂੰ ਲੈ ਕੇ ਜਿਲਾ ਹੈੱਡ ਕੁਆਰਟਰਾਂ ਤੇ ਧਰਨਾ ਲਾਇਆ ਜਾਵੇਗਾ। ਮੀਟਿੰਗ ਵਿੱਚ ਬੀਕੇਯੂ ਮਾਨਸਾ ਦੇ ਬੇਅੰਤ ਸਿੰਘ, ਬਲਵਿੰਦਰ ਸਿੰਘ ਗੰਗਾ, ਬੀਕੇਯੂ ਮਾਲਵਾ ਦੇ ਕੁਲਦੀਪ ਸਿੰਘ ਕੋਟ ਸ਼ਮੀਰ, ਬੀ ਕੇ ਯੂ ਡਕੌਂਦਾ ਦੇ ਬਲਦੇਵ ਸਿੰਘ ਭਾਈ ਰੂਪਾ, ਸਵਰਨ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ ਤੇ ਸੁਖਮੰਦਰ ਸਿੰਘ ਜਿਲਾ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ ਦੇ ਬਖਸ਼ੀਸ਼ ਸਿੰਘ ਗੋਬਿੰਦਪੁਰਾ, ਬਲਦੇਵ ਸਿੰਘ, ਡੀ ਐਮ ਐਫ ਦੇ ਸਿਕੰਦਰ ਸਿੰਘ ਧਾਲੀਵਾਲ, ਪੰਜਾਬ ਸੁਬਆਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਅਮਨਦੀਪ ਕੁਮਾਰ ਆਦਿ ਹਾਜ਼ਰ ਸਨ।
Share the post "ਦਿੱਲੀ ਕੂਚ ਦੀ ਚੌਥੀ ਵਰੇ੍ਹਗੰਢ ਮੌਕੇ 26 ਦੇ ਪ੍ਰੋਗਰਾਮਾਂ ਸਬੰਧੀ ਐਸਕੇਐਮ ਦੇ ਆਗੂਆਂ ਨੇ ਕੀਤੀ ਮੀਟਿੰਗ"