ਦੋ ਰੋਜ਼ਾ ਫ਼ੇਰੀ ਦੌਰਾਨ ਕਿਸਾਨਾਂ ਤੇ ਵਪਾਰੀਆਂ ਨੂੰ ਮਿਲਣਗੇ
ਸੁਖਜਿੰਦਰ ਮਾਨ
ਬਠਿੰਡਾ, 24 ਅਕਤੂਬਰ : ਆਗਾਮੀ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਲਈ ਤਤਪਰ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਕਰੀਬ ਢਾਈ ਸਾਲਾਂ ਬਾਅਦ ਮੁੜ ਬਠਿੰਡਾ ਪੱਟੀ ’ਚ ਪੁੱਜ ਰਹੇ ਹਨ। 28 ਅਤੇ 29 ਨੂੰ ਮਾਨਸਾ ਤੇ ਬਠਿੰਡਾ ’ਚ ਕਿਸਾਨਾਂ ਤੇ ਵਪਾਰੀਆਂ ਨੂੰ ਮਿਲਣ ਆ ਰਹੇ ਸ਼੍ਰੀ ਕੇਜ਼ਰੀਵਾਲ ਬਾਦਲਾਂ ਦੇ ਗੜ੍ਹ ’ਚ ਅਪਣੇ ਸਮਰਥਕਾਂ ਨੂੰ ਵੀ ਨਾਲ ਜੋੜੀ ਰੱਖਣ ਦਾ ਯਤਨ ਕਰਨਗੇ। ਪਾਰਟੀ ਦੇ ਉਚ ਆਗੂਆਂ ਮੁਤਾਬਕ 28 ਅਕਤੂਬਰ ਨੂੰ ਕੇਜ਼ਰੀਵਾਲ ਮਾਨਸਾ ਜ਼ਿਲ੍ਹੇ ਦੇ ਪਿੰਡਾਂ’ਚ ਕਿਸਾਨਾਂ ਦੇ ਖੇਤਾਂ ਵਿਚ ਜਾਣਗੇ, ਜਿੱਥੇ ਗੁਲਾਬੀ ਸੁੰਡੀ ਕਾਰਨ ਖ਼ਤਮ ਹੋ ਚੁੱਕੀ ਨਰਮੇ ਦੇ ਫ਼ਸਲ ਲਈ ਪਾਰਟੀ ਦੀ ਸਰਕਾਰ ਬਣਨ ’ਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾ ਸਕਦਾ। ਇਸੇ ਤਰ੍ਹਾਂ 29 ਨੂੰ ਸਥਾਨਕ ਬਰਨਾਲਾ ਬਾਈਪਾਸ ’ਤੇ ਸਥਿਤ ਗਰੀਨ ਪੈਲੇਸ ’ਚ ਬਠਿੰਡਾ ਪੱਟੀ ਦੇ ਵਪਾਰੀ ਵਰਗ ਨਾਲ ਸਬੰਧਤ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਸੂਚਨਾ ਮੁਤਾਬਕ ਇੱਥੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਕਰੀਬ ਇੱਕ ਹਜ਼ਾਰ ਵਪਾਰੀ ਨੂੰ ਇਕੱਠਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸਦੇ ਲਈ ਸਥਾਨਕ ਆਗੂਆਂ ਦੀ ਡਿਊਟੀ ਲਗਾਈ ਗਈ ਹੈ। ਇੱਥੇ ਦਸਣਾ ਬਣਦਾ ਹੈ ਕਿ ਅਰਵਿੰਦ ਕੇਜ਼ਰੀਵਾਲ ਦੀ ਬਠਿੰਡਾ ’ਚ ਆਖ਼ਰੀ ਫ਼ੇਰੀ 15 ਮਈ 2019 ਨੂੰ ਹੋਈ ਸੀ ਜਿਸ ਦੌਰਾਨ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬਲਜਿੰਦਰ ਕੌਰ ਦੇ ਹੱਕ ’ਚ ਰੋਡ ਸੋਅ ਕੱਢਿਆ ਸੀ। ਸਿਆਸੀ ਮਾਹਰਾਂ ਮੁਤਾਬਕ ਕੇਜ਼ਰੀਵਾਲ ਦੀ ਉਕਤ ਫ਼ੇਰੀ ਦਾ ਮੁੱਖ ਮੰਤਵ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਤਿਆਰ ਕਰਨਾ ਤੇ ਇਸਦੇ ਲਈ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਲਾਮਬੰਦ ਕਰਨਾ ਹੈ।
ਢਾਈ ਸਾਲਾਂ ਬਾਅਦ 28 ਨੂੰ ਮੁੜ ਬਠਿੰਡਾ ਪੱਟੀ ’ਚ ਪੁੱਜਣਗੇ ਕੇਜ਼ਰੀਵਾਲ
11 Views