ਕਪੂਰਥਲਾ, 25 ਦਸੰਬਰ: ਰਾਤੋ-ਰਾਤ ਅਮੀਰ ਹੋਣ ਅਤੇ ਪੈਸਿਆਂ ਦੇ ਲਾਲਚ ’ਚ ਕੁੱਝ ਲੋਕ ਕਿਸ ਤਰ੍ਹਾਂ ਜਿੰਦਗੀ ’ਚ ‘ਸ਼ਾਟ-ਕਟ’ ਦੇ ਰਾਸਤੇ ਅਪਣਾੳਂੁਦੇ ਹਨ ਕਿ ਸਾਰੀ ਉਮਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਇੱਥੇ ਸਾਹਮਣੇ ਆਇਆ ਹੈ, ਜਿਸਦੇ ਵਿਚ ਇੱਕ ਪ੍ਰਾਈਵੇਟ ਫ਼ਾਈਨੈਂਸ ਕੰਪਨੀ ’ਚ ਕੰਮ ਕਰਦੇ ਨੌਜਵਾਨ ਨੇ ਆਪਣੇ ਸਿਰ ਚੜ੍ਹੇ ਡੇਢ ਲੱਖ ਦੇ ਕਰਜ਼ੇ ਨੂੰ ਉਤਾਰਨ ਦੇ ਲਈ ‘ਲੁੱਟ’ ਦੀ ਕਹਾਣੀ ਦਾ ਝੂਠਾ ਡਰਾਮਾ ਰਚ ਦਿੱਤਾ। ਪ੍ਰੰਤੂ ਉਸਦੀ ਚਲਾਕੀ ਪੁਲਿਸ ਦੇ ਸਾਹਮਣੇ ਬਹੁਤੀ ਦੇਰ ਨਾ ਚੱਲ ਸਕੀ ਤੇ ਹੁਣ ਉਸਨੂੰ ਆਪਣੇ ਕੀਤੇ ’ਤੇ ਨਾ ਸਿਰਫ਼ ਪਛਤਾਵਾ ਹੋਵੇਗਾ, ਬਲਕਿ ਕਈ ਸਾਲਾਂ ਦੇ ਲਈ ਜੇਲ੍ਹ ਵਿਚ ਵੀ ਰਹਿਣਾ ਪਏਗਾ।
ਸੂਚਨਾ ਮੁਤਾਬਕ ਸਿਵ ਕੁਮਾਰ ਨਾਂ ਦਾ ਇੱਕ ਨੌਜਵਾਨ ਜੀਵਨ ਸਮਾਇਲ ਫ਼ਾਈਨੈਂਸ ਕੰਪਨੀ ਵਿਚ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਸੀ, ਜਿਸਦੇ ਬਦਲੇ ਉਸਨੂੰ ਤਨਖ਼ਾਹ ਤੋਂ ਇਲਾਵਾ ਕਮਿਸ਼ਨ ਵੀ ਮਿਲਦਾ ਸੀ। ਪ੍ਰੰਤੂ ਉਸਦੇ ਮਨ ਵਿਚ ਅਜਿਹਾ ਲਾਲਚ ਆਇਆ ਕਿ ਉਸਨੇ ਲੰਘੀ 20 ਦਸੰਬਰ ਨੂੰ ਇੱਕ ਮਨਘੜਤ ਝੂਠੀ ਕਹਾਣੀ ਘੜ ਦਿੱਤੀ ਕਿ ਜਦ ਉਹ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਕੰਪਨੀ ਦੇ ਦਫ਼ਤਰ ਆ ਰਿਹਾ ਸੀ ਤਾਂ ਰਾਸਤੇ ਵਿਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸਨੂੰ ਹਥਿਆਰ ਦਿਖ਼ਾ ਕੇ ਪੈਸਿਆ ਵਾਲਾ ਬੈਗ ਖੋਹ ਲਿਆ। ਇਸ ਸਬੰਧ ਵਿਚ ਥਾਣਾ ਸਦਰ ਦੀ ਪੁਲਿਸ ਨੇ ਸਿਵ ਕੁਮਾਰ ਦੀ ਸਿਕਾਇਤ ’ਤੇ ਪਰਚਾ ਦਰਜ਼ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ ਮੁਕਾਬਲੇ ਤੋਂ ਬਾਅਦ ਲੰਡਾ ਗੈਂਗ ਦੇ ਤਿੰਨ ਗੁਰਗੇ ਕਾਬੂ, ਗੋ+ਲੀਆਂ ਲੱਗਣ ਕਾਰਨ ਦੋ ਹੋਏ ਜਖ਼ਮੀ
ਥਾਣਾ ਮੁਖੀ ਇੰਸਪੈਕਟਰ ਗੌਰਵ ਧੀਰ ਅਤੇ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਪਾਲ ਸਿੰਘ ਮੁਤਾਬਕ ਪੜਤਾਲ ਸ਼ੁਰੂ ਹੁੰਦੇ ਹੀ ਸ਼ੁਰੂਆਤ ਵਿਚ ਇਸਦੀ ਕਹਾਣੀ ’ਤੇ ਸ਼ੱਕ ਹੋਇਆ, ਜਿਸਤੋਂ ਬਾਅਦ ਸਖ਼ਤੀ ਨਾਲ ਕੀਤੀ ਪੁਛਗਿਛ ਅਤੇ ਤਕਨੀਕੀ ਮੱਦਦ ਦੇ ਸਹਾਰੇ ਕੀਤੀ ਜਾਂਚ ਵਿਚ ਸਾਰਾ ਸੱਚ ਸਾਹਮਣੇ ਆ ਗਿਆ। ਮੁਲਜ਼ਮ ਨੇ ਮੰਨਿਆ ਕਿ ਉਸਨੇ ਡੇਢ ਲੱਖ ਰੁਪਏ ਦਾ ਕਰਜ਼ ਦੇਣਾ ਸੀ, ਜਿਸਦੇ ਚੱਲਦੇ ਉਸਦੇ ਮਨ ਵਿਚ ਲਾਲਚ ਆ ਗਿਆ ਤੇ ਕੰਪਨੀ ਦੇ 2 ਲੱਖ 30 ਹਜ਼ਾਰ ਰੁਪਏ ਖ਼ੁਦ ਰੱਖ ਲਏ। ਜਾਂਚ ਅਧਿਕਾਰੀ ਮੁਤਾਬਕ ਪੁਲਿਸ ਨੇ 1 ਲੱਖ 90 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK