ਮਾਘੀ ਮੇਲੇ ਮੌਕੇ ਪੰਜਾਬ ’ਚ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਐਲਾਨ, ਅਕਾਲੀ ਦਲ ਦਾ ਬਣੇਗੀ ਬਦਲ!

0
492

ਸ਼੍ਰੀ ਮੁਕਤਸਰ ਸਾਹਿਬ, 4 ਜਨਵਰੀ: ਪੰਜਾਬ ਦੇ ਵਿਚ ਮੌਜੂਦਾ ਸਮੇਂ ਅਕਾਲੀ ਸਿਆਸਤ ਦੇ ਵਿਚ ਪਏ ਖਿਲਾਰੇ ਨੂੰ ਸਮੇਟਣ ਦੇ ਲਈ ਸੂਬੇ ਵਿਚ ਜਲਦ ਹੀ ਇੱਕ ਹੋਰ ਨਵੀਂ ਸਿਆਸੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ। 14 ਜਨਵਰੀ ਨੂੰ ਮਾਘੀ ਮੇਲੇ ਮੌਕੇ ਇਸ ਨਵੀਂ ਪਾਰਟੀ ਦੇ ਗਠਨ ਅਤੇ ਨਾਂ ਬਾਰੇ ਜਨਤਕ ਕੀਤਾ ਜਾਵੇਗਾ, ਜਿਸਦੇ ਲਈ ਅੰਦਰਖ਼ਾਤੇ ਪੂੁਰੇ-ਜੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਗਲਿਆਰਿਆ ਵਿਚ ਚੱਲ ਰਹੀ ਚਰਚਾ ਮੁਤਾਬਕ ਅਕਾਲੀ ਸਿਆਸਤ ਅੰਦਰ ਪੈਦਾ ਹੋਏ ਖਲਾਅ ਦੀ ਪੂਰਤੀ ਲਈ ਇਹ ਨਵੀਂ ਪਾਰਟੀ ਬਣ ਰਹੀ ਹੈ ਤੇ ਸੰਭਾਵਿਤ ਤੌਰ ‘ਤੇ ਇਸਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਦੇ ਤੌਰ ’ਤੇ ਪੇਸ਼ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ ਕੇਂਦਰ ਸਰਕਾਰ ਦੀ ਨਦੀਆਂ/ਦਰਿਆਵਾਂ ਨੂੰ ਆਪਸ ‘ਚ ਜੋੜਨ ਦੀ ਯੋਜਨਾ ‘ਤੇ ਮੁੜ ਵਿਚਾਰ ਦੀ ਲੋੜ:ਸਪੀਕਰ ਸੰਧਵਾਂ

ਇਸ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਲਈ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਤਰਨਤਾਰਨ ਤੋਂ ਅਜਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਫ਼ਰੀਦਕੋਟ ਤੋਂ ਜਿੱਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਸਹਿਤ ਹੋਰ ਪੰਥਕ ਸਖ਼ਸੀਅਤ ਲੱਗੀਆਂ ਹੋਈਆਂ ਹਨ। ਚਰਚਾ ਮੁਤਾਬਕ ਇਸ ਨਵੀਂ ਪਾਰਟੀ ਦੀ ਕਮਾਂਡ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਪੀ ਜਾਵੇਗੀ ਤੇ ਜਦ ਤੱਕ ਉਹ ਜੇਲ੍ਹ ਵਿਚ ਹਨ, ਉਦੋ ਤੱਕ ਇਸਦੇ ਕਨਵੀਨਰ ਵਜੋਂ ਬਾਪੂ ਤਰਸੇਮ ਸਿੰਘ ਕੰਮ ਕਰਨਗੇ। ਇਸਤੋਂ ਇਲਾਵਾ ਪਾਰਟੀ ਵਿਚ ਦੂਜੇ ਨੰਬਰ ਦੀ ਪੁਜ਼ੀਸਨ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਦਿੱਤੀ ਜਾਵੇਗੀ ਤੇ ਪੰਥ ਵਿਚ ਵਿਚਰਨ ਵਾਲੀਆਂ ਕੁੱਝ ਹੋਰਨਾਂ ਸਖ਼ਸੀਅਤਾਂ ਨੂੰ ਵੀ ਅਹੁੱਦੇਦਾਰ ਵਜੋਂ ਇਸ ਨਵੀਂ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ ਪੰਜਾਬ ’ਚ ਤਿੰਨ ਦਿਨ ਠੱਪ ਰਹੇਗੀ ਸਰਕਾਰੀ ਬੱਸ ਸੇਵਾ, ਜਾਣੋਂ ਕਾਰਨ

ਗੌਰਤਲਬ ਹੈ ਕਿ ਸਾਲ 2015 ਵਿਚ ਪੰਜਾਬ ’ਚ ਮਿਥ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਤੇ ਬਾਅਦ ਵਿਚ ਡੇਰਾ ਮੁਖੀ ਦੀ ਮੁਆਫ਼ੀ ਦੇ ਮਾਮਲੇ ਵਿਚ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਘਿਰੀ ਹੋਈ ਹੈ। ਹਾਲਾਂਕਿ ਪਿਛਲੇ ਦਿਨੀਂ ਇਸ ਮਾਮਲੇ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਸਹਿਤ ਦੂਜੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ ਪ੍ਰੰਤੂ ਇਹ ਸਜ਼ਾ ਭੁਗਤਣ ਦੇ ਬਾਵਜੂਦ ਪਿਆ ਆਪਸੀ ਖਿਲਾਰਾ ਹਾਲੇ ਤੱਕ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ, ਜਿਸਦੇ ਚੱਲਦੇ ਪੰਜਾਬ ਦਾ ਵੋਟਰ ਤੇ ਖ਼ਾਸਕਰ ਪੰਥਕ ਵੋਟ ਅਕਾਲੀ ਦਲ ਮਗਰ ਜੁੜਦੀ ਵਿਖਾਈ ਨਹੀਂ ਦੇ ਰਹੀ। ਦੂਜੇ ਪਾਸੇ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਥਕ ਧਿਰਾਂ ਦੇ ਅਜਾਦ ਉਮੀਦਵਾਰਾਂ ਦੀ ਲੱਖਾਂ ਵੋਟਾਂ ਦੇ ਅੰਤਰ ਨਾਲ ਹੋਈ ਜਿੱਤ ਤੋਂ ਇਹ ਸਪੱਸ਼ਟ ਹੋ ਗਿਆ ਕਿ ਪੰਜਾਬ ਦੇ ਵਿਚ ਹਾਲੇ ਵੀ ਪੰਥਕ ਵੋਟ ਆਪਣੀ ਅਹਿਮੀਅਤ ਰੱਖਦੀ ਹੈ, ਜਿਸਨੂੰ ਸੰਭਾਲਣ ਦੀ ਲੋੜ ਹੈ। ਸੂਤਰਾਂ ਮੁਤਾਬਕ ਇਸੇ ਆਸ਼ੇ ਨੂੰ ਲੈ ਕੇ ਇਸ ਨਵੀਂ ਸਿਆਸੀ ਪਾਰਟੀ ਦਾ ਗਠਨ ਹੋਣ ਜਾ ਰਿਹਾ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here