ਪੁੱਡਾ ਦੀ ਮਹਿੰਗੀ ਜਗ੍ਹਾ ਕੌਡੀਆਂ ਦੇ ਭਾਅ ਲੈਣ ਦੀ ਕੀਤੀ ਜਾਂਚ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਮ ਖੁੱਲ੍ਹਾ ਖਤ ਲਿਖਿਆ ਹੈ ਅਤੇ ਉਨ੍ਹਾਂ ਇਸ ਖ਼ਤ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੁੱਡਾ ਦੀ ਮਾਨਸਾ ਰੋਡ ਤੇ ਮਾਡਲ ਟਾਊਨ ਫੇਸ ਬਣਨ ਵਾਲੇ ਕੋਨੇ ਉਪਰ 1500 ਗਜ ਕਮਰਸ਼ੀਅਲ ਜਗ੍ਹਾ ਰੈਜੀਡੈਂਸੀਅਲ ਬਣਾਕੇ ਕੌਡੀਆਂ ਦੇ ਭਾਅ ਲੈਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ । ਸਿੰਗਲਾ ਵੱਲੋਂ ਇਸ ਖਤ ਦਾ ਉਤਾਰਾ ਡਾਇਰੈਕਟਰ ਸੀਬੀਆਈ ਦਿੱਲੀ, ਚੀਫ ਸੈਕਟਰੀ ਸਿਵਲ ਸੈਕਟਰੀਏਟ ਪੰਜਾਬ ਚੰਡੀਗਡ੍ਹ, ਸੈਕਟਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ,ਮਨਿਸਟਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਪੰਜਾਬ, ਰਾਜਪਾਲ ਪੰਜਾਬ, ਲੋਕਪਾਲ ਪੰਜਾਬ, ਪ੍ਰਧਾਨਮੰਤਰੀ ਭਾਰਤ ਅਤੇ ਡਾਇਰੈਕਟਰ ਈਡੀ ਪੰਜਾਬ ਨੂੰ ਵੀ ਭੇਜਿਆ ਗਿਆ ਹੈ। ਸਿੰਗਲਾ ਨੇ ਦੋਸ਼ ਲਾਇਆ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਲਾਂਟ ਨੰਬਰ 725/726 ਲੜੀਵਾਰ 25 371ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਖਰੀਦ ਲਈ ਹੈ ਜਦੋਂ ਕਿ ਉਕਤ ਜਗ੍ਹਾ ਦਾ ਭਾਅ ਲੱਖਾਂ ਰੁਪਏ ਪ੍ਰਤੀ ਗਜ਼ ਹੈ ਜਿਸ ਦਾ ਨੀਂਹ ਪੱਥਰ ਵੀ ਖੁਦ ਮੁੱਖ ਮੰਤਰੀ ਵੱਲੋਂ ਰੱਖਿਆ। ਦਸਣਾ ਬਣਦਾ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਫ਼ੇਸਬੁੱਕ ’ਤੇ ਲਾਈਵ ਹੋ ਕੇ ਸ਼੍ਰੀ ਸਿੰਗਲਾ ਨੂੰ ਜਵਾਬ ਦਿੰਦਿਆਂ ਝੂਠੇ ਦੋਸ ਲਗਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਅਪਣੇ ਬਿਆਨ ਵਿਚ ਕਿਹਾ ਸੀ ਕਿ ਇਹ ਜਗ੍ਹਾਂ ਨਿਯਮਾਂ ਤਹਿਤ ਹੀ ਦੋ ਵਿਅਕਤੀਆਂ ਦੋ ਖ਼ਰੀਦੀ ਗਈ ਹੈ, ਜਿੰਨ੍ਹਾਂ ਪੁੱਡਾ ਦੀ ਅਲਾਟਮੈਂਟ ਵਿਚ ਬੋਲੀ ਰਾਹੀਂ ਇਹ ਖ਼ਰੀਦੀ ਸੀ। ਇਸਤੋਂ ਇਲਾਵਾ ਜਮੀਨ ਦਾ ਮਕਸਦ ਤਬਦੀਲ ਕਰਨ ਦੇ ਦੋਸ਼ਾਂ ਬਾਰੇ ਵੀ ਜੌਹਲ ਨੇ ਸਪੱਸ਼ਟ ਕੀਤਾ ਸੀ ਕਿ ਇਹ 2013 ਵਿਚ ਅਕਾਲੀ ਸਰਕਾਰ ਦੌਰਾਨ ਕੀਤੀ ਗਈ ਸੀ।
Share the post "ਮਨਪ੍ਰੀਤ ਦੇ ਪਲਾਟ ਦੇ ਮਾਮਲੇ ’ਚ ਸਾਬਕਾ ਵਿਧਾਇਕ ਨੇ ਲਿਖਿਆ ਮੁੱਖ ਮੰਤਰੀ ਨੂੰ ਖੁੱਲ੍ਹਾ ਖ਼ਤ"