ਸਹਿਰ ’ਚ ਪਾਣੀ ਦੀ ਕਿੱਲਤ ਦਾ ਮਸਲਾ
ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਸਥਾਨਕ ਸਰਹਿੰਦ ਨਹਿਰ ਵਿਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਚੱਲ ਰਹੀ ਪਾਣੀ ਬੰਦੀ ਕਾਰਨ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਵਿਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਘੇਰਦਿਆਂ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਦੇ ਯੋਜਨਾ ਮੰਤਰੀ ਅਪਣੇ ਸ਼ਹਿਰ ’ਚ ਯੋਜਨਾ ਬਣਾਉਣ ਤੋਂ ਅਸਫ਼ਲ ਰਹੇ ਹਨ। ਅੱਜ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਦੇ ਹਲਕਾ ਇੰਚਾਰਜ਼ ਜਗਰੂਪ ਸਿੰਘ ਗਿੱਲ, ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਵਪਾਰ ਵਿੰਗ ਦੇ ਆਗੂ ਅਨਿਲ ਠਾਕੁਰ ਤੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਰਾਜਨ ਨੇ ਕਿਹਾ ਕਿ ਵਿਤ ਮੰਤਰੀ ਦੀਆਂ ਅਸਫ਼ਲਤਾਵਾਂ ਕਾਰਨ ਪੰਜ ਦਰਿਆਵਾਂ ਦੀ ਧਰਤੀ ਵਾਲੇ ਪੰਜਾਬ ਵਿਚ ਬਠਿੰਡਾ ਸਹਿਰ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ। ਅੰਕੜੇ ਰੱਖਦਿਆਂ ਸ: ਗਿੱਲ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਅਧੀਨ ਰਹਿਣ ਵਾਲੇ ਲੋਕਾਂ ਦੀ ਆਬਾਦੀ ਲਗਭਗ 5 ਲੱਖ ਦੇ ਕਰੀਬ ਹੈ। ਪ੍ਰੰਤੂ ਨਿਗਮ ਕੋਲ ਪਾਣੀ ਦੇ ਜਲ ਭੰਡਾਰ ਦੀ ਸਮਰਥਾ 5 ਕਰੋੜ ਲੀਟਰ ਹੈ। ਜਦੋਂਕਿ ਸਰਕਾਰ ਦੇ ਹੀ ਨਿਯਮਾਂ ਤਹਿਤ ਬਠਿੰਡਾ ਸਹਿਰ ਲਈ 7 ਕਰੋੜ 80 ਲੱਖ ਲੀਟਰ ਪਾਈ ਦੀ ਰੋਜਾਨਾ ਜਰੂਰਤ ਹੈ ਅਤੇ 3 ਕੋਰੜ 30 ਲੱਖ ਲੀਟਰ ਪਾਣੀ ਦੀ ਘਾਟ ਹੈ। ਆਪ ਆਗੂ ਜਗਰੂਪ ਗਿੱਲ ਨੇ ਅੱਗੇ ਕਿਹਾ ਕਿ ਪਾਣੀ ਦੀ ਸਮੱਸਿਆ ਦੇ ਚੱਲਦੇ ਉਹ ਸਾਥੀਆਂ ਨਾਲ 2 ਸਾਲ ਪਹਿਲਾਂ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਸਿੰਘ ਨੂੰ ਮਿਲਕੇ ਬੰਦ ਥਰਮਲ ਦੀ ਝੀਲ ਨੰਬਰ 1 ਨੂੰ ਸਟੋਰੇਜ ਟੈਂਕ ਵਜੋਂ ਵਰਤਣ ਅਤੇ ਉਥੇ ਵਾਟਰ ਟਰੀਟਮੈਂਟ ਪਲਾਂਟ ਲਾਉਣ ਦੀ ਮੰਗ ਕੀਤੀ ਸੀ ਪ੍ਰੰਤੂ ਉਸ ਸਮੇਂ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਜਦ ਸਹਿਰ ਵਿੱਚ ਪਾਣੀ ਦੀ ਕਿਲਤ ਨਾਲ ਹਾਹਾਕਾਰ ਮਚੀ ਹੋਈ ਹੈ ਤਾਂ 1 ਨੰਬਰ ਝੀਲ ਨੂੰ ਪੁਰਾਣੇ ਵਾਟਰ ਵਰਕਸ ਨਾਲ ਜੋੜਨ ਦੀ ਕਵਾਇਦ ਚੱਲ ਰਹੀ ਹੈ। ਗਿੱਲ ਨੇ ਇਹ ਵੀ ਚਿੰਤਾ ਜਾਹਰ ਕੀਤੀ ਕਿ ਪਿਛਲੇ ਦੋ ਸਾਲਾਂ ਤੋਂ ਉਕਤ ਝੀਲ ਵਿਚ ਨਵਾਂ ਪਾਣੀ ਨਹੀਂ ਪਿਆ ਤੇ ਪਹਿਲਾਂ ਵਾਲਾ ਪਾਣੀ ਜਿਆਦਾ ਸਮੇਂ ਤੋਂ ਖੜ੍ਹਾ ਹੋਣ ਕਾਰਨ ਇਸ ਪਾਣੀ ਦੀ ਸਪਲਾਈ ਨਾਲ ਸ਼ਹਿਰ ਵਿਚ ਕੋਈ ਬੀਮਾਰੀ ਵੀ ਫੈਲ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਉਕਤ ਝੀਲ ਉਪਰ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇ।
ਬਾਕਸ
ਸਿਆਸੀ ਬਿਆਨਬਾਜ਼ੀ ਕਰ ਰਹੇ ਹਨ ਗਿੱਲ: ਡਿਪਟੀ ਮੇਅਰ
ਬਠਿੰਡਾ: ਉਧਰ ਜਗਰੂਪ ਗਿੱਲ ਦੀ ਪੱਤਰਕਾਰ ਵਾਰਤਾ ਤੋਂ ਬਾਅਦ ਜਵਾਬ ਦਿੰਦਿਆਂ ਕਾਂਗਰਸ ਪਾਰਟੀ ਵਲੋਂ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਅਜਿਹਾ ਸਿਆਸੀ ਕਾਰਨਾਂ ਕਰਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਹਰੇਕ ਕੰਮ ਦੀ ਵਿਤ ਮੰਤਰੀ ਤੇ ਉਨ੍ਹਾਂ ਦੀ ਟੀਮ ਵਲੋਂ ਯੋਜਨਾਬੰਦੀ ਕੀਤੀ ਜਾਂਦੀ ਹੈ।
Share the post "ਵਿਤ ਮੰਤਰੀ ਬਠਿੰਡਾ ਸਹਿਰ ’ਚ ਪਾਣੀ ਦੀ ਸਪਲਾਈ ਦੇਣ ਦੀ ਯੋਜਨਾ ’ਚ ਫ਼ੇਲ ਹੋਏ: ਜਗਰੂਪ ਗਿੱਲ"