ਓੜੀਆ ਕਲੋਨੀ ਦੇ 102 ਬੇਘਰੇ ਪਰਿਵਾਰਾਂ ਨੂੰ ਦਿੱਤੇ ਮਾਲਕੀ ਦੇ ਸਰਟੀਫਿਕੇਟ
ਸੁਖਜਿੰਦਰ ਮਾਨ
ਬਠਿੰਡਾ, 2 ਨਵੰਬਰ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਬੇਘਰੇ ਲੋਕਾਂ ਨੂੰ ਘਰ ਬਣਾ ਕੇ ਦੇਣ ਵਾਲੀ ਬਸੇਰਾ ਸਕੀਮ ਲੋੜਵੰਦ ਲੋਕਾਂ ਲਈ ਸਹਾਈ ਸਿੱਧ ਹੋਵੇਗੀ। ਇਸ ਸਕੀਮ ਤਹਿਤ ਬੇਘਰੇ ਲੋਕਾਂ ਨੂੰ ਛੱਤ ਨਸੀਬ ਕਰਨ ਦੇ ਨਾਲ-ਨਾਲ ਸ਼ਹਿਰ ਦੀਆਂ ਹੋਰਨਾਂ ਕਲੋਨੀਆਂ ਵਾਂਗ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਇੱਥੋਂ ਦੀ ਓੜੀਆ ਕਲੋਨੀ ਵਿੱਚ ਰਹਿ ਰਹੇ ਬੇਘਰੇ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਲਈ ਸਰਟੀਫਿਕੇਟਾਂ ਦੀ ਵੰਡ ਕਰਨ ਮੌਕੇ ਕੀਤਾ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਕੰਵਰਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਇਸ ਮੌਕੇ ਇਕੱਤਰ ਕਲੋਨੀ ਵਾਸੀਆਂ ਨੂੰ ਸੰਬੋਧਨ ਕਰਦਿਆਂ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੁਪਨਾ ਹੈ ਕਿ ਕੋਈ ਵੀ ਗਰੀਬ ਪਰਿਵਾਰ ਛੱਤ ਤੋਂ ਬਿਨ੍ਹਾਂ ਨਾ ਰਹੇ। ਇਸ ਸੁਪਨੇ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਇੱਥੋਂ ਦੇ ਵਸਨੀਕ 102 ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਸੇਰਾ ਸਕੀਮ ਤਹਿਤ ਇਸ ਤੋਂ ਪਹਿਲਾਂ ਵੀ ਇਸ ਕਲੋਨੀ ਦੇ ਗਰੀਬ 90 ਪਰਿਵਾਰਾਂ ਨੂੰ ਮਕਾਨ ਬਣਾ ਕੇ ਦੇਣ ਲਈ ਸਰਟੀਫਿਕੇਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਸ਼੍ਰੀ ਜੌਹਲ ਨੇ ਬਸੇਰਾ ਸਕੀਮ ਨੂੰ ਕਲੋਨੀ ਵਾਸੀਆਂ ਲਈ ਦੀਵਾਲੀ ਦਾ ਤੋਹਫ਼ਾ ਦੱਸਦਿਆਂ ਕਿਹਾ ਕਿ ਇਸ ਕਲੋਨੀ ਵਿੱਚ ਪੀਣ ਵਾਲੇ ਪਾਣੀ, ਸੀਵਰੇਜ, ਬਿਜਲੀ ਆਦਿ ਦੇ ਪ੍ਰਬੰਧਾਂ ਤੋਂ ਇਲਾਵਾ ਖੁੱਲੀਆਂ ਅਤੇ ਪੱਕੀਆਂ ਗਲੀਆਂ ਹੋਣਗੀਆਂ। ਇਸ ਕਲੋਨੀ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਕੂਲ, ਸਿਹਤ ਸੰਭਾਲ ਲਈ ਡਿਸਪੈਂਸਰੀ ਅਤੇ 3 ਪਾਰਕ ਬਣਾਏ ਜਾਣਗੇ। ਹਰ ਪਾਰਕ ਵਿੱਚ 1-1 ਜਿੰਮ ਵੀ ਸਥਾਪਿਤ ਕੀਤਾ ਜਾਵੇਗਾ। ਇਸ ਕਲੋਨੀ ਦੀ ਸੁੰਦਰਤਾ ਵੀ ਸ਼ਹਿਰ ਦੀਆਂ ਬਾਕੀ ਕਲੋਨੀਆਂ ਵਾਂਗ ਹੋਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਲੋਨੀ ਵਾਸੀ ਮੌਜੂਦ ਸਨ,।
ਬੇਘਰੇ ਲੋਕਾਂ ਲਈ ਸਹਾਈ ਸਿੱਧ ਹੋਵੇਗੀ ਬਸੇਰਾ ਸਕੀਮ : ਜੈਜੀਤ ਸਿੰਘ ਜੌਹਲ
13 Views