ਟ੍ਰਾਂਸਪੋਰਟ ਮੰਤਰੀ ਦੇ ਦੌਰਿਆਂ ਨੇ ਬਠਿੰਡਾ ਦੇ ਸਿਆਸੀ ਪਾਰਾ ਵਧਾਇਆ
ਸੁਖਜਿੰਦਰ ਮਾਨ
ਬਠਿੰਡਾ, 7 ਨਵੰਬਰ: ਸੂਬੇ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅੱਜ ਸਵੇਰੇ ਅਚਨਚੇਤ ਬਠਿੰਡਾ ਦੇ ਰੋਜ ਗਾਰਡਨ ਪਾਰਕ ’ਚ ਪੁੱਜ ਕੇ ਸੈਰ ਕੀਤੀ ਗਈ। ਬੇਸ਼ੱਕ ਉਨ੍ਹਾਂ ਅਪਣੀ ਇਸ ਫੇਰੀ ਨੂੰ ਰੁਟੀਨ ਦਸਿਆ ਪ੍ਰੰਤੂ ਟ੍ਰਾਂਸਪੋਰਟ ਮੰਤਰੀ ਦੇ ਦੌਰਿਆਂ ਕਾਰਨ ਬਠਿੰਡਾ ਦੇ ਸਿਆਸੀ ਤਾਪਮਾਨ ਵਧਦਾ ਨਜ਼ਰ ਆ ਰਿਹਾ। ਉਹ ਪਿਛਲੀਆਂ ਲੋਕ ਸਭਾ ਚੋਣ ’ਚ ਇਸ ਹਲਕੇ ਤੋਂ ਚੋਣ ਲੜ ਚੁੱਕੇ ਹਨ। ਜਿਸਤੋਂ ਬਾਅਦ ਆਨੀ-ਬਹਾਨੀ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਬਠਿੰਡਾ ਵਾਸੀਆਂ ਨਾਲ ਰਾਬਤਾ ਰੱਖ ਰਹੇ ਹਨ। ਹਾਲਾਂਕਿ ਮੌਜੂਦਾ ਸਮੇਂ ਉਨ੍ਹਾਂ ਦੇ ਵਿਤ ਮੰਤਰੀ ਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਇਕ ਮਨਪ੍ਰੀਤ ਸਿੰਘ ਬਾਦਲ ਨਾਲ ਸਿਆਸੀ ਸਬੰਧ ਚੰਗੇ ਨਹੀਂ ਦੱਸੇ ਜਾ ਰਹੇ ਹਨ। ਇੰਨ੍ਹਾਂ ਸਬੰਧਾਂ ਦਾ ਹੀ ਅਸਰ ਹੈ ਕਿ ਪਿਛਲੇ ਦਿਨੀਂ ਬੱਸ ਅੱਡੇ ਦੀ ਕੀਤੀ ਚੈਕਿੰਗ ਅਤੇ ਅੱਜ ਕੀਤੀ ਸੈਰ ਦੌਰਾਨ ਸ਼ਹਿਰ ਦੇ ਕਾਂਗਰਸੀਆਂ ਨੇ ਦੂਰੀ ਬਣਾਈ ਰੱਖੀ। ਉਜ ਸੀਨੀਅਰ ਆਗੂ ਰਾਜ ਨੰਬਰਦਾਰ ਤੇ ਬਠਿੰਡਾ ਦਿਹਾਤੀ ਹਲਕੇ ਦੇ ਇਚਾਰਜ਼ ਹਰਵਿੰਦਰ ਲਾਡੀ ਬੱਸ ਅੱਡੇ ਦੀ ਚੈਕਿੰਗ ਦੌਰਾਨ ਜਰੂਰ ਨਾਲ ਰਹੇ। ਜਿਕਰਯੋਗ ਹੈ ਕਿ ਅਪਣੇ ਸਿਆਸੀ ਗੁਰੂ ਜਗਮੀਤ ਸਿੰਘ ਬਰਾੜ ਦੀ ਤਰਜ਼ ’ਤੇ ਬਾਦਲ ਪ੍ਰਵਾਰ ਨੂੰ ਹਰਾਉਣ ਦੇ ਨਜਦੀਕ ਪੁੱਜ ਚੁੱਕੇ ਰਾਜਾ ਵੜਿੰਗ ਨੂੰੂ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਘਟੀਆਂ ਵੋਟਾਂ ਦਾ ਗਮ ਹਾਲੇ ਵੀ ਵੱਢ ਵੱਢ ਕੇ ਖ਼ਾ ਰਿਹਾ ਹੈ। ਸਿਆਸੀ ਗਲਿਆਰਿਆਂ ਵਿਚ ਚੱਲ ਰਹੀ ਚਰਚਾ ਮੁਤਾਬਕ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੜਿੰਗ ਖ਼ੁਦ ਜਾਂ ਅਪਣੀ ਪਤਨੀ ਅੰਮਿ੍ਰਤਾ ਵੜਿੰਗ ਨੂੰ ਇੱਥੋਂ ਉਮੀਦਵਾਰ ਬਣਾ ਕੇ ਬਾਦਲ ਪ੍ਰਵਾਰ ਨੂੰ ਹਰਾਉਣ ਦੀ ਇੱਛਾ ਦਿਲ ਵਿਚ ਰੱਖੀ ਬੈਠਾ ਹੈ। ਉਧਰ ਅੱਜ ਦੇ ਦੌਰੇ ਦੌਰਾਨ ਵੀ ਬਠਿੰਡਾ ਸ਼ਹਿਰੀ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੀ ਬਠਿੰਡਾ ‘ਚ ਹੋਈ ਹਾਰ ਦੀਆਂ ਗੱਲਾਂ ਚੱਲੀਆਂ, ਜਿਸਨੂੰ ਰਾਜਾ ਵੜਿੰਗ ਨੇ ਮਜ਼ੇ ਹੋਏ ਸਿਆਸੀ ਆਗੂ ਵਾਂਗ ਮੁਕੱਦਰ ਦਾ ਖੇਲ ਕਹਿ ਕੇ ਟਾਲ ਦਿੱਤਾ। ਇਸ ਦੌਰਾਨ ਉਨ੍ਹਾਂ ਜਾਗਰ ਪਾਰਕ ਵਿਚ ਸੈਰ ਕਰਨ ਆਏ ਲੋਕਾਂ ਨਾਲ ਜੱਫ਼ੀਆ ਪਾਈਆਂ, ਉਥੇ ਸ਼ਹਿਰ ਤਿਨਕੋਣੀ ਦੇ ਮਸ਼ਹੂਰ ਚਾਹ ਵਾਲੇ ਦੀ ਚਾਹ ਦਾ ਲੁਤਫ਼ ਵੀ ਲਿਆ। ਇਸਤੋਂ ਇਲਾਵਾ ਉਹ ਅਪਣੇ ਨਜਦੀਕੀ ਸਾਥੀ ਤੇ ਕੋਂਸਲਰ ਮਲਕੀਤ ਗਿੱਲ ਦੇ ਭਤੀਜੇ ਦੇ ਵਿਆਹ ਵਿਚ ਵੀ ਸ਼ਾਮਲ ਹੋੲੋ, ਜਿਸਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਰਵਾਨਾ ਹੋ ਗਏ।
ਰਾਜਾ ਵੜਿੰਗ ਨੇ ਬਠਿੰਡਾ ਦੇ ਰੋਜ਼ ਗਾਰਡਨ ’ਚ ਕੀਤੀ ਸੈਰ
22 Views