ਸੁਖਜਿੰਦਰ ਮਾਨ
ਬਠਿੰਡਾ’10 ਨਵੰਬਰ: ਬੀਤੀ ਅੱਧੀ ਰਾਤ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਸਿਆਸੀ ਗਲਿਆਰਿਆਂ ਚ ਹਲਚਲ ਮਚਾਉਣ ਵਾਲੀ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅੱਜ ਅਸਤੀਫੇ ਨੂੰ ਲੈ ਕੇ ਟਵਿਟਰ ਉਪਰ ਆਹਮੋ-ਸਾਹਮਣੇ ਹੋ ਗਏ।ਰੂਬੀ ਵੱਲੋਂ ਪਾਰਟੀ ਛੱਡਣ ‘ਤੇ ਤੰਜ ਕੱਸਦਿਆਂ ਆਪ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਤੇ ਪਾਰਟੀ ਦੀ ਟਿਕਟ ਨਾ ਮਿਲਦੀ ਦੇਖ ਕੇ ਉਕਤ ਮਹਿਲਾ ਵਿਧਾਇਕ ਵਿਧਾਇਕ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਵਿਅੰਗ ਭਰੇ ਅੰਦਾਜ਼ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਰੁਪਿੰਦਰ ਕੌਰ ਰੂਬੀ ਨਾਲ ਧੋਖਾ ਨਾ ਕਰਨ ਬਲਕਿ ਉਸ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਟਿਕਟ ਦੇ ਕੇ ਚੋਣ ਜ਼ਰੂਰ ਲਗਵਾਉਣ। ਹਾਲਾਂਕਿ ਉਨ੍ਹਾਂ ਰੁਪਿੰਦਰ ਕੌਰ ਰੂਬੀ ਨੂੰ ਦੁਆਵਾਂ ਦਿੰਦਿਆਂ ਵੀ ਕਿਹਾ ਕਿ ਉਹ ਮੇਰੀ ਛੋਟੀ ਭੈਣ ਦੀ ਤਰ੍ਹਾਂ ਹਨ ਜਿੱਥੇ ਵੀ ਜਾਣ ਖੁਸ਼ ਰਹਿਣ। ਦੂਜੇ ਪਾਸੇ ਆਪਣੇ ਵਿਧਾਨ ਸਭਾ ਵਿੱਚ ਪਾਰਟੀ ਆਗੂ ਦੇ ਟਵੀਟ ਤੋਂ ਬਾਅਦ ਰੂਬੀ ਨੇ ਵੀ ਜਵਾਬ ਦੇਣ ਲੱਗਿਆਂ ਦੇਰ ਨਾ ਲਗਾਈ। ਉਨ੍ਹਾਂ ਸ੍ਰੀ ਚੀਮਾ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੂੰ ਬੋਲਣਾ ਚਾਹੀਦਾ ਸੀ ਉਹ ਬੋਲੇ ਨਹੀਂ, ਨਾ ਹੀ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਨਾ ਹੀ ਭਗਵੰਤ ਮਾਨ ਬਾਰੇ । ਮਹਿਲਾ ਵਿਧਾਇਕਾਂ ਨੇ ਚੀਮਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਤੁਹਾਨੂੰ ਵੀ ਪਤਾ ਹੈ ਕਿ ਪਾਰਟੀ ਪੰਜਾਬ ਨੂੰ ਲੈ ਕੇ ਕਿੱਧਰ ਜਾ ਰਹੀ ਹੈ। ਟਿਕਟ ਮਿਲਣ ਦੇ ਮਸਲੇ ਤੇ ਵੀ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਉਸ ਦੇ ਮੁਕਾਬਲੇ ਚੋਣ ਲੜ ਕੇ ਦੇਖ ਸਕਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਫੈਸਰ ਰੂਬੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਪਾਰਟੀ ਦੇ ਸਮਾਗਮਾਂ ਅਤੇ ਹਲਕੇ ਦੇ ਲੋਕਾਂ ਨਾਲ ਵੀ ਇੱਕ ਤਰ੍ਹਾਂ ਦੀ ਦੂਰੀ ਬਣਾਈ ਹੋਈ ਸੀ ਉਹ ਪਿਛਲੇ ਸਮੇਂ ਬਠਿੰਡਾ ਦੌਰੇ ਤੇ ਆਏ ਕੇਜਰੀਵਾਲ ਦੇ ਪ੍ਰੋਗਰਾਮ ਵਿੱਚ ਵੀ ਗੈਰਹਾਜ਼ਰ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ ਚੱਲ ਪਈਆਂ ਸਨ । ਚਰਚਾ ਮੁਤਾਬਕ ਉਹ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਪਾਰਟੀ ਉਨ੍ਹਾਂ ਨੂੰ ਮਲੋਟ, ਭੁੱਚੋ ਮੰਡੀ ਜਾਂ ਬਠਿੰਡਾ ਦਿਹਾਤੀ ਕਿਸੇ ਹਲਕੇ ਵਿੱਚੋਂ ਚੋਣ ਵੀ ਲੜ ਸਕਦੇ ਹਨ ਹਾਲਾਂਕਿ ਇਹ ਗੱਲ ਭਵਿੱਖ ਦੇ ਗਰਭ ਵਿੱਚ ਹੈ ।
ਅਸਤੀਫੇ ਤੋਂ ਬਾਅਦ ਰੂਬੀ ਤੇ ਚੀਮਾ ਹੋਏ ਮਿਹਣੋ ਮਿਹਣੀ
13 Views