ਸੁਖਜਿੰਦਰ ਮਾਨ
ਬਠਿੰਡਾ, 15 ਨਵੰਬਰ: ਸੂਬਾ ਸਰਕਾਰ ਵੱਲੋਂ ਭਾਸ਼ਾ ਵਿਭਾਗ ਰਾਹੀਂ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਐੱਸ.ਐੱਸ.ਡੀ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੋਂ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨੇ ਕਿਹਾ ਕਿ ਸਾਹਿਤ ਇਕ ਕਲਾ ਹੈ, ਜਿਸ ਨੂੰ ਹਰ ਮਨੁੱਖ ਵੱਲੋਂ ਆਪਣੇ ਮਨ ਵਿੱਚ ਜਿੰਦਾ ਰੱਖਣਾ ਚਾਹੀਦਾ ਹੈ। ਹਮੇਸ਼ਾ ਮਨੁੱਖੀ ਵਲਵਲੇ ਅਤੇ ਚੰਗਾ ਸਾਹਿਤ ਪੜ੍ਹਨਾ ਸਾਹਿਤ ਸਿਰਜਨਾ ਵਿੱਚ ਸਹਾਈ ਹੁੰਦਾ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਮੁਬਾਰਕਬਾਦ ਵੀ ਦਿੱਤੀ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਪਹੁੰਚੇ ਦਰਸ਼ਨ ਸਿੰਘ ਬੁੱਟਰ ਸ਼੍ਰੋਮਣੀ ਪੰਜਾਬੀ ਕਵੀ ਵੱਲੋਂ ਭਾਸ਼ਾ ਵਿਭਾਗ ਦੁਆਰਾ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਵੱਲ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਬੱਚੇ ਕੱਲ ਦੇ ਵੱਡੇ ਸਾਹਿਤਕਾਰ ਅਤੇ ਲੇਖਕ ਬਨਣਗੇ। ਉਨ੍ਹਾਂ ਬੱਚਿਆਂ ਵੱਲੋਂ ਕਵਿਤਾ ਗਾਇਨ ਦੀ ਪੇਸ਼ਕਾਰੀ ਦੀ ਵੀ ਸ਼ਲਾਘਾ ਕੀਤੀ ਗਈ। ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਵੀਰਪਾਲ ਕੌਰ ਨੇ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਆਪਣੇ ਸਾਹਿਤ ਅਤੇ ਸਭਿਆਚਾਰ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਬੌਧਿਕ ਵਿਕਾਸ ਕਰਨ ਲਈ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸ.ਐਸ.ਡੀ ਕਾਲਜ (ਲੜਕੀਆਂ) ਦੇ ਪਿ੍ਰੰਸੀਪਲ ਡਾ. ਪਰਮਿੰਦਰ ਕੌਰ ਵੱਲੋਂ ਤਕਨੀਕੀ ਯੁਗ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਭਾਸ਼ਾ ਵਿਭਾਗ ਦੇ ਉਪਰਾਲੇ ਲਈ ਸ਼ਲਾਘਾ ਕੀਤੀ। ਸ਼੍ਰੀ ਸੁਰਿੰਦਰਜੀਤ ਸਿੰਘ ਘਣੀਆ ਵੱਲੋਂ ਵੀ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋ ਕੇ ਭਾਸ਼ਾ ਵਿਭਾਗ ਨਾਲ ਜੁੜੀਆਂ ਆਪਣੀਆਂ ਸਾਂਝਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੋਂ ਜੇਤੂ ਵਿਦਿਆਰਥੀਆਂ ਹੀ ਸ਼ਾਮਿਲ ਹੋਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਸਾਹਿਤ ਸਿਰਜਣ ਦੇ ਲੇਖ ਵੰਨਗੀ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਘਰਾਚੋਂ ਦੀ ਵਿਦਿਆਰਥਣ ਮਨਦੀਪ ਕੌਰ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਹੁਸ਼ਿਆਰਪੁਰ ਦੀ ਵਿਦਿਆਰਥਣ ਗੋਲਡੀ ਨੇ ਦੂਜਾ, ਸਰਕਾਰੀ ਹਾਈ ਸਕੂਲ ਦੁਲਚੀ ਕੇ (ਫ਼ਿਰੋਜ਼ਪੁਰ) ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਵਿਤਾ ਲੇਖਣ ਵੰਨਗੀ ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ (ਹੁਸ਼ਿਆਰਪੁਰ) ਦਾ ਕਰੁਣਾ ਜਸਵਾਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦੁਲਚੀ ਕੇ (ਫ਼ਿਰੋਜ਼ਪੁਰ) ਦੀ ਵਿਦਿਆਰਥਣ ਮਨਜੋਤ ਕੌਰ ਨੇ ਦੂਜਾ, ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ (ਫ਼ਰੀਦਕੋਟ) ਦੇ ਗੌਤਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਹਾਣੀ ਰਚਨਾ ਵੰਨਗੀ ਵਿੱਚ ਦੋਆਬਾ ਖਾਲਸਾ ਸਕੂਲ (ਜਲੰਧਰ) ਦੀ ਵਿਦਿਆਰਥਣ ਜਸਅੰਮਿ੍ਰਤ ਕੌਰ ਨੇ ਪਹਿਲਾ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਿਸ਼ਨਗੜ੍ਹ (ਮਾਨਸਾ) ਦੀ ਵਿਦਿਆਰਥਣ ਸੁਖਵਿੰਦਰ ਕੌਰ ਨੇ ਦੂਜਾ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ (ਲੁਧਿਆਣਾ) ਦੇ ਵਿਦਿਆਰਥੀ ਅਰੁਨ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵੰਨਗੀ ਵਿੱਚ ਸ਼੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਾਟੀਵਿੰਡ ਗੇਟ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਵਿਦਿਆਰਥੀ ਜੈਪਾਲ ਸਿੰਘ ਨੇ ਪਹਿਲਾ, ਸਰਕਾਰੀ ਹਾਈ ਸਕੂਲ ਫੁਗਲਾਣਾ (ਹੁਸ਼ਿਆਰਪੁਰ) ਦੀ ਵਿਦਿਆਰਥਣ ਸੁਰੀਤਾ ਕੁਮਾਰੀ ਨੇ ਦੂਜਾ, ਜਲੰਧਰ ਮਾਡਲ ਸਕੂਲ, ਜਲੰਧਰ ਦੀ ਵਿਦਿਆਰਥਣ ਕੋਮਲ ਕਾਲੀਆ ਅਤੇ ਸ਼ਹੀਦ ਸੰਦੀਪ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਠਿੰਡਾ ਦੀ ਵਿਦਿਆਰਥਣ ਸ਼ਿਵਾਨੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਹਾਇਕ ਡਾਇਰੈਕਟਰ ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਸਾਹਿਤਕਾਰਾਂ ਵਿੱਚੋਂ ਮੰਗਤ ਕੁਲਜਿੰਦ ਪ੍ਰਵਾਸੀ, ਅਮਰਜੀਤ ਜੀਤ, ਸੁਖਦਰਸ਼ਨ ਗਰਗ, ਗੁਰਦੇਵ ਖੋਖਰ, ਕਾਮਰੇਡ ਮੇਘਰਾਜ ਫੌਜੀ, ਬੰਤ ਰਾਮਪੁਰੀ, ਰਮੇਸ਼ ਗਰਗ, ਗੁਰਵਿੰਦਰ ਸਿੱਧੂ, ਅਮਰਜੀਤ ਕੌਰ ਹਰੜ, ਸਾਹਿਤ ਸਿਰਜਣ ਅਤੇ ਕਵਿਤਾ ਮੁਕਾਬਲਿਆਂ ਲਈ ਬਤੌਰ ਜੱਜ ਬਲਵਿੰਦਰ ਸਿੰਘ ਸੰਧੂ, ਰਾਮ ਦਿਆਲ ਸਿੰਘ ਸੇਖੋਂ, ਤਰਸੇਮ, ਇਕਬਾਲ ਸਿੰਘ ਅਤੇ ਮੰਚ ਸੰਚਾਲਨ ਤੇਜਿੰਦਰ ਸਿੰਘ ਗਿੱਲ ਵਲੋਂ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ, ਭਗਵਾਨ ਸਿੰਘ, ਜਗਦੇਵ ਸਿੰਘ ਅਤੇ ਸੁਖਮਨੀ ਆਦਿ ਹਾਜ਼ਰ ਸਨ।
Share the post "ਸਾਹਿਤ ਇਕ ਕਲਾ ਹੈ, ਜਿਸ ਨੂੰ ਹਰ ਮਨੁੱਖ ਵੱਲੋਂ ਆਪਣੇ ਮਨ ਚ ਜਿੰਦਾ ਰੱਖਣਾ ਚਾਹੀਦਾ ਹੈ : ਬਲਦੇਵ ਸਿੰਘ ਸੜਕਨਾਮਾ"